ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ

Wednesday, Jan 13, 2021 - 09:05 PM (IST)

ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ

ਕਿਸਾਨੀ ਘੋਲ: ਸਿੰਘੂ ਸਰਹੱਦ ’ਤੇ ਕਿਸਾਨਾਂ ਨੇ ਸਾੜੀਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ
ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਅੱਜ ਕਿਸਾਨ ਅੰਦੋਲਨ 49ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਸਿੰਘੂ ਸਰਹੱਦ ’ਤੇ ਵੀ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅੱਜ ਲੋਹੜੀ ਦੇ ਤਿਉਹਾਰ ਮੌਕੇ ਕਿਸਾਨਾਂ ਨੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਅਤੇ ਇਨ੍ਹਾਂ ਕਾਨੂੰਨਾਂ ਪ੍ਰਤੀ ਆਪਣਾ ਵਿਰੋਧ ਜ਼ਾਹਰ ਕੀਤਾ।

ਖੇਤੀਬਾੜੀ ਮੰਤਰੀ ਤੋਮਰ ਬੋਲੇ- PM ਫ਼ਸਲ ਬੀਮਾ ਯੋਜਨਾ ਕਿਸਾਨਾਂ ਲਈ ਸੁਰੱਖਿਆ ਕਵਚ
ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਪੀ.ਐੱਮ ਫ਼ਸਲ ਬੀਮਾ ਯੋਜਨਾ ਦੇ 5 ਸਾਲ ਪੂਰੇ ਹੋਣ ’ਤੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖ਼ੁਸ਼ਹਾਲ ਕਰਨ ਦੀ ਦਿਸ਼ਾ ’ਚ ਮੋਦੀ ਸਰਕਾਰ ਨੇ ਇਸ ਮਹੱਤਵਪੂਰਨ ਯੋਜਨਾ ਨੂੰ 13 ਜਨਵਰੀ 2016 ਨੂੰ ਲਾਗੂ ਕੀਤਾ ਸੀ। ਫ਼ਸਲ ਬੀਮਾ ਯੋਜਨਾ ਕਿਸਾਨਾਂ ਲਈ ਸੁਰੱਖਿਆ ਕਵਚ ਹੈ। ਇਸ ਯੋਜਨਾ ਤਹਿਤ ਹਰ ਸਾਲ ਸਾਢੇ 5 ਕਰੋੜ ਕਿਸਾਨ ਇਸ ਯੋਜਨਾ ਨਾਲ ਨਵੇਂ ਜੁੜ ਰਹੇ ਹਨ।

ਅੰਨਦਾਤਾ ਦੀ ਸ਼ਹਾਦਤ ਤੋਂ ਮੋਦੀ ਸਰਕਾਰ ਸ਼ਰਮਿੰਦਾ ਨਹੀਂ ਪਰ ‘ਟਰੈਕਟਰ ਮਾਰਚ’ ਤੋਂ ਸ਼ਰਮਿੰਦਗੀ: ਰਾਹੁਲ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਅੱਜ ਯਾਨੀ ਕਿ ਬੁੱਧਵਾਰ ਨੂੰ ਅੰਦੋਲਨ ਦਾ 49ਵਾਂ ਦਿਨ ਹੈ। ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਡਟੇ ਹੋਏ ਹਨ। 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਮਾਰਚ ਕੱਢਣ ਦੀ ਤਿਆਰੀ ਹੈ। ਉੱਥੇ ਹੀ ਸਰਕਾਰ ਇਸ ’ਤੇ ਰੋਕ ਲਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨਿ੍ਹਆ ਹੈ। 

ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦੇ ਡੇਰੇ, ਕਿਸਾਨ ਅੰਦੋਲਨ ’ਤੇ ਬਰਸ ਰਹੀ ‘ਗੁਰੂ ਘਰ ਦੀ ਕਿਰਪਾ’
ਦਿੱਲੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ’ਤੇ ਗੁਰੂ ਘਰ ਦੀ ਕਿਰਪਾ ਬਰਸ ਰਹੀ ਹੈ। ਦਿੱਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਤੋਂ ਲੰਗਰ ਰੂਪੀ ਪ੍ਰਸਾਦ ਤੋਂ ਲੈ ਕੇ ਰੈਣ ਬਸੇਰਾ, ਗੀਜ਼ਰ, ਮੈਡੀਕਲ ਕੈਂਪ ਤੱਕ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਸਭ ਦਿੱਲੀ ਗੁਰਦੁਆਰਾ ਕਮੇਟੀ ਦੀ ਦੇਖ-ਰੇਖ ਵਿਚ ਕੀਤਾ ਜਾ ਰਿਹਾ ਹੈ।

ਸੰਸਦ 'ਚ ਖੇਤੀਬਾੜੀ ਕਾਨੂੰਨਾਂ ਦੇ ਮੁਅੱਤਲ ਹੋਣ ਤੱਕ ਜਾਰੀ ਰਹੇਗਾ ਕਿਸਾਨ ਅੰਦੋਲਨ : ਰਾਕੇਸ਼ ਟਿਕੈਤ
ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਬੁੱਧਵਾਰ ਨੂੰ ਕਿਹਾ ਕਿ ਕਿਸਾਨ ਸੁਪਰੀਮ ਕੋਰਟ ਦੇ ਹੁਕਮ ਦਾ ਸਨਮਾਨ ਕਰਦੇ ਹਨ ਪਰ ਸੰਸਦ ਵਿੱਚ ਖੇਤੀਬਾੜੀ ਕਾਨੂੰਨਾਂ ਦੇ ਮੁਅੱਤਲ ਹੋਣ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ। ਮੁੰਬਈ ਪੁੱਜੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਾਨੂੰਨ ਨੂੰ ਸੰਸਦ ਵਿੱਚ ਤਿਆਰ ਕੀਤਾ ਗਿਆ ਨਾ ਕਿ ਸੁਪਰੀਮ ਕੋਰਟ ਵਿੱਚ। ਇਸ ਲਈ ਉਸ ਨੂੰ ਉਥੇ ਹੀ ਮੁਅੱਤਲ ਕੀਤਾ ਜਾਣਾ ਜਰੂਰੀ ਹੈ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News