ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ
Monday, Feb 22, 2021 - 08:53 PM (IST)
![ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ](https://static.jagbani.com/multimedia/2021_2image_20_53_198446921untitled-4copy.jpg)
ਜੇਲ੍ਹਾਂ 'ਚ ਬੰਦ ਬੇਦੋਸ਼ ਨੌਜਵਾਨਾਂ ਦੀ ਰਿਹਾਈ ਲਈ ਟੀਕਰੀ ਬਾਰਡਰ 'ਤੇ ਕੱਢਿਆ ਗਿਆ ਰੋਸ ਮਾਰਚ
ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਟੀਕਰੀ ਬਾਰਡਰ ਵਿਖੇ 26 ਜਨਵਰੀ ਕਿਸਾਨ ਪਰੇਡ ਤੋਂ ਬਾਅਦ ਝੂਠੇ ਮੁਕੱਦਮੇ ਪਾਕੇ ਜੇਲ੍ਹਾਂ ਵਿੱਚ ਬੰਦ ਬੇਦੋਸ਼ ਨੌਜਵਾਨ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਪੈਦਲ ਮਾਰਚ ਕੀਤਾ ਗਿਆ। ਇਹ ਮਾਰਚ ਮੇਨ ਸਟੇਜ ਤੋਂ ਸ਼ੁਰੂ ਹੋ ਕੇ ਕਮੇਟੀ ਦੀ ਅਗਵਾਈ ਹੇਠ ਰੋਹਤਕ ਰੋਡ 'ਤੇ ਗਿਆ ਅਤੇ ਵਾਪਸ ਮੇਨ ਸਟੇਜ 'ਤੇ ਪਹੁੰਚ ਕੇ ਸਮਾਪਤ ਹੋਇਆ।
ਖੇਤੀ ਕਾਨੂੰਨਾਂ ਵਿਰੁੱਧ ਛਿੜੀ ਜੰਗ 'ਚ ਹਾਰ ਨਹੀਂ ਮੰਨਣਗੇ ਰਾਕੇਸ਼ ਟਿਕੈਤ, ਸਮਰਥਨ ਮੰਗਣ ਜਾਣਗੇ ਗੁਜਰਾਤ
ਕੇਂਦਰ ਸਰਕਾਰ ਨੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲੰਬਾ ਖਿੱਚਦਾ ਜਾ ਰਿਹਾ ਹੈ। ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ 89 ਦਿਨ ਹੋ ਚੁਕੇ ਹਨ। ਇਸ ਵਿਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਕੇਂਦਰ ਦੇ ਵਿਵਾਦਿਤ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਲਈ ਸਮਰਥਨ ਮੰਗਣ ਵਾਸਤੇ ਜਲਦ ਗੁਜਰਾਤ ਦਾ ਦੌਰਾ ਕਰਨਗੇ।
ਕਿਸਾਨ ਨੇ ਕਣਕ ਦੀ ਫ਼ਸਲ ’ਤੇ ਚਲਾਇਆ ਟਰੈਕਟਰ, ਰਾਕੇਸ਼ ਟਿਕੈਤ ਬੋਲੇ- ‘ਇੰਝ ਫ਼ਸਲਾਂ ਬਰਬਾਦ ਨਾ ਕਰੋ’
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦਾ ਹਾਲ ਹੀ ’ਚ ਬਿਆਨ ਸਾਹਮਣੇ ਆਇਆ ਸੀ ਕਿ ਅਸੀਂ ਖੜ੍ਹੀ ਫ਼ਸਲ ਨੂੰ ਬਰਬਾਦ ਕਰ ਦੇਵਾਂਗੇ ਪਰ ਘਰ ਵਾਪਸ ਨਹੀਂ ਜਾਵਾਂਗੇ। ਰਾਕੇਸ਼ ਦੇ ਇਸ ਬਿਆਨ ਦਾ ਅਸਰ ਹਰਿਆਣਾ ਦੇ ਜੀਂਦ ’ਚ ਵੇਖਣ ਨੂੰ ਮਿਲਿਆ, ਜਿੱਥੇ ਕਿਸਾਨ ਨੇ ਦੋ ਏਕੜ ਕਣਕ ਦੀ ਫ਼ਸਲ ’ਤੇ ਟਰੈਕਟਰ ਚਲਾ ਦਿੱਤਾ।
ਕਿਸਾਨੀ ਘੋਲ: ਕੱਲ੍ਹ 'ਪੱਗੜੀ ਸੰਭਾਲ ਦਿਹਾੜਾ' ਮਨਾਉਣਗੇ ਕਿਸਾਨ, ਅਗਲੇ ਪ੍ਰੋਗਰਾਮਾਂ ਦਾ ਵੀ ਕੀਤਾ ਐਲਾਨ
ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਆਪਣਾ ਅੰਦੋਲਨ ਤੇਜ਼ ਕਰਨ ਲਈ 23 ਤੋਂ 27 ਫਰਵਰੀ ਵਿਚਾਲੇ ਕਈ ਪ੍ਰੋਗਰਾਮ ਆਯੋਜਿਤ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਉਹ ਪ੍ਰਦਰਸ਼ਨ ਨੂੰ ਲੰਬੇ ਸਮੇਂ ਤੱਕ ਚਲਾਉਣ ਲਈ ਜਲਦ ਹੀ ਨਵੀਂ ਰਣਨੀਤੀ ਤਿਆਰ ਕਰਨਗੇ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਨੇ ਕਿਹਾ ਕਿ ਉਨ੍ਹਾਂ ਨੇ ਪ੍ਰਸਤਾਵਿਤ ਪ੍ਰੋਗਰਾਮ ਦੇ ਅਧੀਨ 23 ਫਰਵਰੀ ਨੂੰ 'ਪੱਗੜੀ ਸੰਭਾਲ ਦਿਵਸ' ਅਤੇ 24 ਫਰਵਰੀ ਨੂੰ 'ਦਮਨ ਵਿਰੋਧੀ ਦਿਵਸ' ਮਨਾਇਆ ਜਾਵੇਗਾ।
ਖੇਤੀਬਾੜੀ ਮੰਤਰੀ ਦਾ ਬਿਆਨ- ਭੀੜ ਇਕੱਠੀ ਕਰਨ ਦਾ ਮਤਲਬ ਇਹ ਨਹੀਂ ਕਿ ਕਾਨੂੰਨ ਰੱਦ ਹੋਣਗੇ
ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਨੂੰ ਲੈ ਕੇ ਬਿਆਨ ਦਿੱਤਾ ਹੈ। ਤੋਮਰ ਨੇ ਕਿਹਾ ਕਿ ਸਿਰਫ ਭੀੜ ਇਕੱਠੀ ਕਰਨਾ ਕਾਨੂੰਨਾਂ ਦੇ ਰੱਦ ਹੋਣ ਦੀ ਅਗਵਾਈ ਨਹੀਂ ਕਰਦਾ, ਅਜਿਹਾ ਨਹੀਂ ਹੁੰਦਾ ਹੈ। ਭੀੜ ਇਕੱਠੀ ਕਰਨ ਦਾ ਮਤਲਬ ਇਹ ਨਹੀਂ ਕਿ ਕਾਨੂੰਨ ਰੱਦ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹਾਂ ਅਤੇ ਇਸ ਦੇ ਨਾਲ ਹੀ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਨੂੰ ਅਪੀਲ ਵੀ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।