ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ

01/22/2021 8:52:44 PM

11ਵੇਂ ਗੇੜ੍ਹ ਦੀ ਬੈਠਕ ਵੀ ਰਹੀ ਬੇਸਿੱਟਾ, ਸਰਕਾਰ ਨੇ ਕਾਨੂੰਨ ਰੱਦ ਕਰਨ ਤੋਂ ਕੀਤਾ ਇਨਕਾਰ
ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ ਚੱਲ ਰਹੀ 11ਵੇਂ ਗੇੜ੍ਹ ਦੀ ਬੈਠਕ ਖ਼ਤਮ ਹੋ ਚੁੱਕੀ ਹੈ। ਇਹ ਬੈਠਕ ਵੀ ਪਹਿਲੀਆਂ ਬੈਠਕਾਂ ਦੀ ਤਰ੍ਹਾਂ ਬੇਸਿੱਟਾ ਹੀ ਰਹੀ ਹੈ। ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਦੀ ਬੈਠਕ ’ਚ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਕਿਸਾਨਾਂ ਨੂੰ ਆਪਣੇ ਵਲੋਂ ਦਿੱਤੇ ਗਏ ਨਵੇਂ ਪ੍ਰਪੋਜ਼ਲ ਬਾਰੇ ਮੁੜ ਵਿਚਾਰ ਕਰਨ ਲਈ ਕਿਹਾ ਸੀ ਜਿਸ ’ਤੇ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਵਿਚਾਰ ਕਰਕੇ ਆਏ ਹਾਂ।

ਬੈਠਕ ਤੋਂ ਬਾਅਦ ਬੋਲੇ ਖੇਤੀਬਾੜੀ ਮੰਤਰੀ, ਯੂਨੀਅਨਾਂ ਦੀ ਸੋਚ 'ਚ ਕਿਸਾਨ ਹਿੱਤ ਨਹੀਂ
ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਬਣੇ ਗਤੀਰੋਧ 'ਤੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਅੱਜ (22 ਜਨਵਰੀ) ਦੀ ਬੈਠਕ ਵੀ ਬੇਨਤੀਜਾ ਖ਼ਤਮ ਹੋ ਗਈ ਹੈ। ਬੈਠਕ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਗੱਲਬਾਤ ਇੱਕ ਵਾਰ ਫਿਰ ਬੇਨਤੀਜਾ ਰਹੀ ਹੈ। ਕਿਸਾਨ ਯੂਨੀਅਨਾਂ ਦੀ ਸੋਚ ਵਿੱਚ ਕਿਸਾਨਾਂ ਦਾ ਕਲਿਆਣ ਨਹੀਂ ਹੈ, ਇਸ ਲਈ ਹੱਲ ਨਹੀਂ ਨਿਕਲ ਰਿਹਾ ਹੈ।

26 ਜਨਵਰੀ ਦੇ ਟਰੈਕਟਰ ਮਾਰਚ ਲਈ ਪਰਵਾਸੀ ਪੰਜਾਬੀ ਨੇ ਕੀਤਾ ਵੱਡਾ ਐਲਾਨ
ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਦੇਸ਼ ਵਿਆਪੀ ਕਿਸਾਨ ਅੰਦੋਲਨ ਲਈ ਲੋਕ ਆਪੋ-ਆਪਣੇ ਤਰੀਕੇ ਨਾਲ ਸਹਿਯੋਗ ਦੇ ਰਹੇ ਹਨ। ਇਸੇ ਕੜੀ ਵਿਚ ਬਾਬਾ ਬਿਸ਼ਨ ਸਿੰਘ ਜੀ ਦੇ ਸੇਵਾਦਾਰ ਪਿੰਡ ਕੰਧਾਲਾ ਜੱਟਾ ਨਾਲ ਸੰਬੰਧਤ ਪਰਵਾਸੀ ਪੰਜਾਬੀ ਨੌਜਵਾਨ ਵੱਲੋਂ ਦਿੱਲੀ ਜਾਣ ਵਾਲੇ ਟਰੈਕਟਰ-ਟਰਾਲੀਆਂ ਲਈ ਮੁਫ਼ਤ ਡੀਜ਼ਲ ਦੀ ਸੇਵਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਵਾਸੀ ਪੰਜਾਬੀ ਨੌਜਵਾਨ ਦੇ ਸਹਿਯੋਗੀਆਂ ਬੱਬੀ ਕੰਧਾਲਾ ਜੱਟਾ, ਸੁੱਖਾ ਦਰੀਆਂ, ਸੋਨੀ ਕੰਧਾਲਾ ਅਤੇ ਸੁੱਖਾ ਨੇ ਦੱਸਿਆ ਕਿ ਦਿੱਲੀ ਕਿਸਾਨ ਅੰਦੋਲਨ ਲਈ ਸੈਣੀ ਪੈਟਰੋਲ ਪੰਪ ਢੱਟ ਤੋਂ ਤੇਲ ਪੁਆਇਆ ਜਾਵੇਗਾ।

ਵੱਡੀ ਖਬਰ: ਸਰਕਾਰ ਨਾਲ ਬੈਠਕ ’ਚ ਸ਼ਾਮਲ ਹੋਣ ਜਾ ਰਹੇ ਕਿਸਾਨ ਆਗੂ ਦੀ ਗੱਡੀ ’ਤੇ ਹੋਇਆ ਹਮਲਾ
ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ ਯਾਨੀ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਵਿਚਾਲੇ 11ਵੇਂ ਗੇੜ੍ਹ ਦੀ ਬੈਠਕ ਸ਼ੁਰੂ ਚੁੱਕੀ ਹੈ। ਇਸ ਦਰਮਿਆਨ ਕਿਸਾਨ ਅੰਦੋਲਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੀ ਗੱਡੀ ਉੱਪਰ ਹਮਲਾ ਹੋਇਆ ਹੈ। ਇਸ ਹਮਲੇ ਦੌਰਾਨ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਟੁੱਟਿਆ ਹੈ।

'ਬਾਰਡਰ' 'ਤੇ ਸੰਘਰਸ਼ ਕਰਨ ਵਾਲੇ ਕਿਸਾਨ ਨਹੀਂ ਭੁੱਲੇ ਪ੍ਰਮਾਤਮਾ ਦੀ ਅਰਦਾਸ
ਸਿੰਘੂ ਅਤੇ ਟਿਕਰੀ ਬਾਰਡਰ ’ਤੇ ਬੈਠੇ ਕਿਸਾਨ ਆਪਣੇ ਸੰਘਰਸ਼ ਵਿਚ ਪ੍ਰਮਾਤਮਾ ਨੂੰ ਯਾਦ ਕਰਨਾ ਵੀ ਨਹੀਂ ਭੁੱਲੇ ਹਨ। ਘਰ, ਪਰਿਵਾਰ ਅਤੇ ਸੁੱਖ ਸਹੂਲਤਾਂ ਤੋਂ ਦੂਰ ਟਰੈਕਟਰ ਅਤੇ ਟਰਾਲੀਆਂ ਵਿਚ ਬੈਠੇ ਨੌਜਵਾਨ ਤੋਂ ਲੈ ਕੇ ਬਜ਼ੁਰਗ ਦਿਨ ਵਿਚ ਨਿਤਨੇਮ ਮੁਤਾਬਕ ਸਿਮਰਨ ਕਰਦੇ ਹਨ। ਲੋਕ ਆਪਣੇ-ਆਪਣੇ ਧਰਮ ਅਨੁਸਾਰ ਪੂਜਾ-ਪਾਠ ਕਰ ਰਹੇ ਹਨ। ਕੋਈ ਜਪੁਜੀ ਸਾਹਿਬ ਦਾ ਜਾਪ ਕਰ ਰਿਹਾ ਹੈ, ਤਾਂ ਕੋਈ ਨਾਮਧਾਰੀ ਗੁਰੂ ਦਾ ਨਾਮ ਲੈ ਕੇ ਧਰਮ ਨਿਭਾਅ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

 


Inder Prajapati

Content Editor

Related News