10 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ RBI ਦਾ ਨਵਾਂ ਨਿਯਮ
Tuesday, Apr 22, 2025 - 12:21 AM (IST)

ਮੁੰਬਈ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕਿਹਾ ਕਿ ਹੁਣ ਕਿਸੇ ਵੀ ਉਮਰ ਦੇ ਨਾਬਾਲਿਗ ਆਪਣੇ ਸਰਪ੍ਰਸਤਾਂ ਦੇ ਮਾਧਿਅਮ ਨਾਲ ਬੈਂਕ ’ਚ ਬੱਚਤ ਅਤੇ ਐੱਫ. ਡੀ. ਖਾਤਾ ਖੋਲ੍ਹ ਸਕਦੇ ਹਨ। ਆਰ. ਬੀ. ਆਈ. ਨੇ ਸਾਰੇ ਕਮਰਸ਼ੀਅਲ ਅਤੇ ਸਹਿਕਾਰੀ ਬੈਂਕਾਂ ਨੂੰ ਜਾਰੀ ਨੋਟੀਫਿਕੇਸ਼ਨ ’ਚ ਨਾਬਾਲਿਗਾਂ ਲਈ ਜਮ੍ਹਾ ਖਾਤਾ ਖੋਲ੍ਹਣ ਅਤੇ ਸੰਚਾਲਨ ਨਾਲ ਸਬੰਧਤ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜੋ 1 ਜੁਲਾਈ 2025 ਤੋਂ ਲਾਗੂ ਹੋਣਗੇ।
ਆਰ. ਬੀ. ਆਈ. ਨੇ ਮੌਜੂਦਾ ਨਿਯਮਾਂ ਦੀ ਸਮੀਖਿਆ ਕਰ ਕੇ ਇਨ੍ਹਾਂ ਨੂੰ ਜ਼ਿਆਦਾ ਵਿਹਾਰਕ ਅਤੇ ਸੁਚਾਰੂ ਬਣਾਉਣ ਦੇ ਮਕਸਦ ਨਾਲ ਇਹ ਕਦਮ ਚੁੱਕਿਆ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਹੁਣ ਕਿਸੇ ਵੀ ਉਮਰ ਦੇ ਨਾਬਾਲਿਗ ਆਪਣੇ ਸਰਪ੍ਰਸਤਾਂ ਦੇ ਮਾਧਿਅਮ ਨਾਲ ਬੱਚਤ ਅਤੇ ਐੱਫ. ਡੀ. ਖਾਤਾ ਖੋਲ ਸਕਦੇ ਹਨ। ਨਾਲ ਹੀ 10 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਨਾਬਾਲਿਗ ਜੇਕਰ ਸਮਰੱਥ ਹੋਣ ਤਾਂ ਬੈਂਕ ਦੀ ਜੋਖਮ ਪ੍ਰਬੰਧਨ ਨੀਤੀ ਤਹਿਤ ਸੁਤੰਤਰ ਤੌਰ ’ਤੇ ਖਾਤਾ ਖੋਲ੍ਹਣ ਅਤੇ ਸੰਚਾਲਿਤ ਕਰਨ ਦੇ ਯੋਗ ਹੋਣਗੇ।
ਆਰ. ਬੀ. ਆਈ. ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਬਾਲਿਗ ਹੋਣ ’ਤੇ ਖਾਤਾਧਾਰਕ ਦੇ ਨਵੇਂ ਸੰਚਾਲਨ ਨਿਰਦੇਸ਼ ਅਤੇ ਹਸਤਾਖਰ ਨਮੂਨੇ ਪ੍ਰਾਪਤ ਕੀਤੇ ਜਾਣਗੇ ਅਤੇ ਜੇਕਰ ਖਾਤਾ ਸਰਪ੍ਰਸਤਾਂ ਵੱਲੋਂ ਸੰਚਾਲਿਤ ਕੀਤਾ ਗਿਆ ਹੋਵੇ ਤਾਂ ਬਕਾਇਆ ਰਾਸ਼ੀ ਦੀ ਪੁਸ਼ਟੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੈਂਕ ਆਪਣੀਆਂ ਅੰਦਰੂਨੀ ਨੀਤੀਆਂ ਅਨੁਸਾਰ ਨਾਬਾਲਿਗ ਖਾਤਾਧਾਰਰਾਂ ਨੂੰ ਏ. ਟੀ. ਐੱਮ., ਡੈਬਿਟ ਕਾਰਡ, ਚੈੱਕਬੁੱਕ ਅਤੇ ਇੰਟਰਨੈੱਟ ਬੈਂਕਿੰਗ ਵਰਗੀਆਂ ਸਹੂਲਤਾਂ ਦੇਣ ਲਈ ਸੁਤੰਤਰ ਹੋਣਗੇ।