ਰਾਅ ਅਤੇ ਸੀ. ਬੀ. ਆਈ. ’ਚ ਹੋਣਗੇ ਵੱਡੇ ਬਦਲਾਅ

Tuesday, May 03, 2022 - 11:52 AM (IST)

ਰਾਅ ਅਤੇ ਸੀ. ਬੀ. ਆਈ. ’ਚ ਹੋਣਗੇ ਵੱਡੇ ਬਦਲਾਅ

ਨਵੀਂ ਦਿੱਲੀ– ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਅਤੇ ਸੀ. ਬੀ. ਆਈ. ਦੇ ਚੋਟੀ ਦੇ ਅਹੁਦਿਆਂ ’ਤੇ ਬਦਲਾਅ ਲਈ ਤਿਆਰੀ ਕਰ ਲਈ ਗਈ ਹੈ, ਜਿਸ ਦੇ ਤਹਿਤ ਪ੍ਰਵੀਣ ਸਿਨ੍ਹਾ ਨੂੰ ਸੀ. ਬੀ. ਆਈ. ਦੇ ਸਪੈਸ਼ਲ ਡਾਇਰੈਕਟਰ ਦੇ ਰੂਪ ’ਚ 6 ਮਹੀਨੇ ਦੀ ਐਕਸਟੈਂਸ਼ਨ ਦਿੱਤੀ ਗਈ ਹੈ।

ਸਿਨ੍ਹਾ 30 ਅਪ੍ਰੈਲ ਨੂੰ ਰਿਟਾਇਰ ਹੋਣ ਵਾਲੇ ਸਨ ਅਤੇ ਉਨ੍ਹਾਂ ਨੂੰ ਅੰਤਿਮ ਸਮੇਂ ’ਚ ਐਕਸਟੈਂਸ਼ਨ ਦਿੱਤੀ ਗਈ। ਸਿਨ੍ਹਾ ਦੀ ਐਕਸਟੈਂਸ਼ਨ ਨਾਲ ਸੀ. ਬੀ. ਆਈ. ਨਿਰਦੇਸ਼ਕ ਸੁਬੋਧ ਕੁਮਾਰ ਜਾਇਸਵਾਲ ਨੂੰ ਰਾਅ ’ਚ ਸ਼ਿਫਟ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਅਜਿਹੀ ਜਾਣਕਾਰੀ ਹੈ ਕਿ ਉਨ੍ਹਾਂ ਨੂੰ ਜੂਨ ’ਚ ਸਾਮੰਤ ਗੋਇਲ ਦੀ ਜਗ੍ਹਾ ਰਾਅ ਦਾ ਨਿਰਦੇਸ਼ਕ ਬਣਾਇਆ ਜਾ ਸਕਦਾ ਹੈ। ਸਾਮੰਤ ਗੋਇਲ ਦਾ ਵਧਾਇਆ ਗਿਆ ਕਾਰਜਕਾਲ ਜੂਨ ’ਚ ਪੂਰਾ ਹੋ ਰਿਹਾ ਹੈ।

ਇਹ ਵੀ ਪਤਾ ਲੱਗਾ ਹੈ ਕਿ ਸਾਮੰਤ ਗੋਇਲ ਨੂੰ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ (ਡਿਪਟੀ ਐੱਨ. ਐੱਸ. ਏ.) ਬਣਾਇਆ ਜਾ ਸਕਦਾ ਹੈ। ਇਹ ਅਹੁਦਾ ਕੁਝ ਸਮੇਂ ਤੋਂ ਖਾਲੀ ਹੈ। ਪ੍ਰਧਾਨ ਮੰਤਰੀ ਸਾਮੰਤ ਗੋਇਲ ਦੇ ਕੰਮ ਤੋਂ ਖੁਸ਼ ਹਨ ਅਤੇ ਉਨ੍ਹਾਂ ਨੂੰ ਡਿਪਟੀ ਐੱਨ. ਐੱਸ. ਏ. ਬਣਾਇਆ ਜਾਵੇਗਾ। ਜਾਇਸਵਾਲ ਵੀ ਰਾਅ ’ਚ ਜਾ ਕੇ ਖੁਸ਼ ਹੋਣਗੇ ਕਿਉਂਕਿ ਉਹ ਪਹਿਲਾਂ ਇਸ ’ਚ ਕੰਮ ਕਰ ਚੁੱਕੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੂੰ ਇਕ ਸਾਲ ਦਾ ਵਾਧੂ ਕਾਰਜਕਾਲ ਮਿਲ ਜਾਵੇਗਾ, ਕਿਉਂਕਿ ਸੀ. ਬੀ. ਆਈ. ਨਿਰਦੇਸ਼ਕ ਦੇ ਤੌਰ ’ਤੇ ਉਨ੍ਹਾਂ ਨੂੰ ਅਗਲੇ ਸਾਲ ਦੇ ਸ਼ੁਰੂ ’ਚ ਰਿਟਾਇਰ ਹੋਣਾ ਸੀ।

ਹੁਣ ਉਹ 2 ਸਾਲ ਲਈ ਰਾਅ ਦੇ ਨਿਰਦੇਸ਼ਕ ਹੋਣਗੇ। ਗੁਜਰਾਤ ਕਾਡਰ ਦੇ ਆਈ. ਪੀ. ਐੱਸ. ਅਫਸਰ ਸਿਨ੍ਹਾ ਵੀ ਸਰਗਰਮ ਹਨ। ਪ੍ਰਧਾਨ ਮੰਤਰੀ ਮੋਦੀ ਸੀ. ਬੀ. ਆਈ. ਅਤੇ ਰਾਅ ਦੇ ਮੌਜੂਦਾ ਮੁਖੀਆਂ ਦੇ ਕੰਮ ਤੋਂ ਕਾਫ਼ੀ ਸੰਤੁਸ਼ਟ ਹਨ, ਇਸ ਲਈ ਤਿੰਨਾਂ ਅਧਿਕਾਰੀਆਂ ਨੂੰ ਨਵੀਂ ਭੂਮਿਕਾ ’ਚ ਸ਼ਾਮਲ ਕੀਤਾ ਜਾਵੇਗਾ।

ਸਿਨ੍ਹਾ ਨੂੰ ਐਕਸਟੈਂਸ਼ਨ ਦੇਣ ਦਾ ਇਕ ਹੋਰ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਇਕ ਸਖਤ ਮੁਕਾਬਲੇ ’ਚ ਚੀਨ ਨੂੰ ਹਰਾ ਕੇ ਏਸ਼ੀਆ ਵੱਲੋਂ ਇੰਟਰਪੋਲ ਦੀ ਕਾਰਜਕਾਰੀ ਕਮੇਟੀ ਲਈ ਚੁਣਿਆ ਗਿਆ ਸੀ। ਉਦੋਂ ਸਿਨ੍ਹਾ ਦੀ ਜਿੱਤ ਯਕੀਨੀ ਕਰਨ ਲਈ ਪੀ. ਐੱਮ. ਓ. ਅਤੇ ਵਿਦੇਸ਼ ਮੰਤਰਾਲਾ ਨੇ ਪੂਰੀ ਤਾਕਤ ਲਾ ਦਿੱਤੀ ਸੀ। ਇਹ ਮਹੱਤਵਪੂਰਣ ਅਹੁਦਾ 3 ਸਾਲ ਲਈ ਹੈ ਅਤੇ ਜੇਕਰ ਸਿਨ੍ਹਾ ਰਿਟਾਇਰ ਹੋ ਜਾਂਦੇ ਤਾਂ ਭਾਰਤ ਇਸ ਅਹੁਦੇ ਨੂੰ ਗੁਆ ਦਿੰਦਾ।


author

Rakesh

Content Editor

Related News