ਰਵਨੀਤ ਬਿੱਟੂ ਨੇ ਵੈਭਵ ਸੂਰਿਆਵੰਸ਼ੀ ਨਾਲ ਕੀਤੀ ਮੁਲਾਕਾਤ, ਰਾਸ਼ਟਰਪਤੀ ਕੋਲੋਂ ਪੁਰਸਕਾਰ ਮਿਲਣ ''ਤੇ ਦਿੱਤੀ ਵਧਾਈ

Friday, Dec 26, 2025 - 05:32 PM (IST)

ਰਵਨੀਤ ਬਿੱਟੂ ਨੇ ਵੈਭਵ ਸੂਰਿਆਵੰਸ਼ੀ ਨਾਲ ਕੀਤੀ ਮੁਲਾਕਾਤ, ਰਾਸ਼ਟਰਪਤੀ ਕੋਲੋਂ ਪੁਰਸਕਾਰ ਮਿਲਣ ''ਤੇ ਦਿੱਤੀ ਵਧਾਈ

ਨੈਸ਼ਨਲ ਡੈਸਕ : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਭਾਰਤੀ ਕ੍ਰਿਕਟ ਦੇ ਉਭਰਦੇ ਸਿਤਾਰੇ ਵੈਭਵ ਸੂਰਿਆਵੰਸ਼ੀ ਨਾਲ ਦਿੱਲੀ ਵਿੱਚ ਵਿਸ਼ੇਸ਼ ਮੁਲਾਕਾਤ ਕੀਤੀ। ਇਹ ਮੁਲਾਕਾਤ ਉਸ ਸਮੇਂ ਹੋਈ ਜਦੋਂ ਬਿਹਾਰ ਦੇ ਸਮਸਤੀਪੁਰ ਦੇ ਰਹਿਣ ਵਾਲੇ 14 ਸਾਲਾ ਵੈਭਵ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ 'ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਰਵਨੀਤ ਬਿੱਟੂ ਨੇ ਉਸ ਦੀ ਅਸਾਧਾਰਨ ਪ੍ਰਤਿਭਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵੈਭਵ ਵਰਗੀਆਂ ਨੌਜਵਾਨ ਪ੍ਰਤਿਭਾਵਾਂ ਦੇਸ਼ ਭਰ ਦੇ ਬੱਚਿਆਂ ਲਈ ਇੱਕ ਵੱਡੀ ਪ੍ਰੇਰਣਾ ਹਨ। ਬਿੱਟੂ ਨੇ ਵੈਭਵ ਵੱਲੋਂ ਕ੍ਰਿਕਟ ਦੇ ਮੈਦਾਨ ਵਿੱਚ ਦਿਖਾਈ ਗਈ ਬੱਲੇਬਾਜ਼ੀ ਦੀ ਮਿਸਾਲ ਦਿੰਦਿਆਂ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

ਪੁਰਸਕਾਰ ਲਈ ਛੱਡਿਆ ਮੈਚ, IPL 'ਚ ਵੀ ਦਿਖਾਇਆ ਦਮ 
 ਵੈਭਵ ਸੂਰਿਆਵੰਸ਼ੀ ਬਿਹਾਰ ਦੀ ਟੀਮ ਵੱਲੋਂ ਵਿਜੇ ਹਜ਼ਾਰੇ ਟਰਾਫੀ ਖੇਡ ਰਹੇ ਸਨ ਪਰ ਦਿੱਲੀ ਵਿੱਚ ਰਾਸ਼ਟਰਪਤੀ ਕੋਲੋਂ ਇਹ ਵੱਕਾਰੀ ਸਨਮਾਨ ਹਾਸਲ ਕਰਨ ਲਈ ਉਨ੍ਹਾਂ ਨੇ ਮਣੀਪੁਰ ਵਿਰੁੱਧ ਹੋਣ ਵਾਲਾ ਮੈਚ ਛੱਡ ਦਿੱਤਾ। ਵੈਭਵ ਨੇ ਇਸ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਵਿਰੁੱਧ ਮਹਿਜ਼ 84 ਗੇਂਦਾਂ ਵਿੱਚ 190 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ ਸੀ। ਉਹ IPL 2025 ਵਿੱਚ ਰਾਜਸਥਾਨ ਰਾਇਲਜ਼ ਵੱਲੋਂ ਖੇਡਦੇ ਹੋਏ 7 ਮੈਚਾਂ ਵਿੱਚ 252 ਦੌੜਾਂ ਬਣਾ ਕੇ ਸੁਰਖੀਆਂ ਬਟੋਰ ਚੁੱਕੇ ਹਨ, ਜਿਸ ਕਾਰਨ ਟੀਮ ਨੇ ਉਨ੍ਹਾਂ ਨੂੰ ਰਿਟੇਨ ਵੀ ਕੀਤਾ ਹੈ। 'ਵੀਰ ਬਾਲ ਦਿਵਸ' 'ਤੇ ਹੋਇਆ ਸਨਮਾਨ ਦੱਸਣਯੋਗ ਹੈ ਕਿ ਇਹ ਸਨਮਾਨ ਸਮਾਰੋਹ 'ਵੀਰ ਬਾਲ ਦਿਵਸ' ਦੇ ਮੌਕੇ 'ਤੇ ਆਯੋਜਿਤ ਕੀਤਾ ਗਿਆ ਸੀ। ਰਵਨੀਤ ਬਿੱਟੂ ਨੇ ਇਸ ਮੌਕੇ ਵੈਭਵ ਦੀਆਂ ਉਪਲਬਧੀਆਂ ਨੂੰ ਦੇਸ਼ ਦੇ ਖੇਡ ਜਗਤ ਲਈ ਇੱਕ ਮਾਣਮੱਤਾ ਪਲ ਦੱਸਿਆ।


author

Shubam Kumar

Content Editor

Related News