ਰੇਵ ਪਾਰਟੀ ਤੇ ਪੁਲਸ ਦਾ ਛਾਪਾ, ਇਕ ਵਿਦੇਸ਼ੀ ਮਾਡਲ ਅਤੇ 15 ਲੋਕ ਗ੍ਰਿਫ਼ਤਾਰ

Monday, May 31, 2021 - 11:11 AM (IST)

ਰੇਵ ਪਾਰਟੀ ਤੇ ਪੁਲਸ ਦਾ ਛਾਪਾ, ਇਕ ਵਿਦੇਸ਼ੀ ਮਾਡਲ ਅਤੇ 15 ਲੋਕ ਗ੍ਰਿਫ਼ਤਾਰ

ਨੋਇਡਾ- ਨੋਇਡਾ ਪੁਲਸ ਨੇ ਸ਼ਨੀਵਾਰ ਰਾਤ ਫੇਜ਼-3 ਥਾਣਾ ਖੇਤਰ ਵਿਖੇ ਇਕ ਹਾਈਰਾਈਜ ਸੋਸਾਇਟੀ ’ਚ ਰੇਵ ਪਾਰਟੀ ਕਰਦੇ ਹੋਏ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ’ਚ ਇਕ ਵਿਦੇਸ਼ੀ ਕੁੜੀ ਵੀ ਸ਼ਾਮਲ ਹੈ। ਉਨ੍ਹਾਂ 'ਚੋਂ 12 ਲੋਕਾਂ ਵਿਰੁੱਧ ਮਹਾਮਾਰੀ ਐਕਟ ਅਤੇ ਤਿੰਨ ਲੋਕਾਂ ਵਿਰੁੱਧ ਆਬਕਾਰੀ, ਅਤੇ ਪਾਸਪੋਰਟ ਸੰਬੰਧਤ ਬੇਨਿਯਮੀਆਂ ਦੀ ਧਾਰਾ ਦੇ ਅਧੀਨ ਮੁਕੱਦਮਾ ਦਰਜ ਹੋਇਆ ਹੈ। ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਅੰਕੁਰ ਅਗਰਵਾਲ ਨੇ ਦੱਸਿਆ  ਕਿ 29 ਮਈ ਦੇਰ ਰਾਤ ਪੁਲਸ ਨੂੰ ਸੂਚਨਾ ਮਿਲੀ ਕਿ ਸੈਕਟਰ 93 ਸਥਿਤ ਏ.ਟੀ.ਐੱਸ. ਸੋਸਾਇਟੀ 'ਚ ਕੁਝ ਲੋਕ ਤੇਜ਼ ਮਿਊਜ਼ਿਕ ਵਜਾ ਕੇ ਪਾਰਟੀ ਕਰ ਰਹੇ ਹਨ ਅਤੇ ਉਸ 'ਚ ਨਸ਼ੀਲੀਆਂ ਵਸਤੂਆਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਉੱਥੇ ਛਾਪਾ ਮਾਰਿਆ। ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੇ ਮੌਕੇ ਤੋਂ ਮਕਾਨ ਮਾਲਕ ਐੱਮ.ਬੀ. ਮਲਿਕ, ਯੂਕ੍ਰੇਨ ਦੀ ਰਹਿਣ ਵਾਲੀ ਵਿਦੇਸ਼ੀ ਮਾਡਲ ਏਲੈਕਸ, ਰਣਜੀਤ, ਕੁਨਾਲ ਅਹੂਜਾ, ਤੂਸ਼ਾਰ ਚਾਵਲਾ, ਪੰਜਕ ਅਰੋੜਾ, ਵਨੀਤ ਸਿੰਘ, ਵਿਨੀਤ ਗੁਪਤਾ, ਕਪਿਲ ਕੁਮਾਰ, ਆਕਾਸ਼, ਸ਼ਨੀ ਕਾਤਿਆਲ, ਕਨਿਕ ਮਹਾਜਨ, ਦੀਪਿਕਾ ਗੋਇਲ, ਮੁਸਕਾਨ ਰਾਠੀ, ਰਿਵੀਲਿਨ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ 12 ਲੋਕਾਂ ਨੂੰ ਪੁਲਸ ਨੇ ਲਾਕਡਾਊਨ ਅਤੇ ਮਹਾਮਾਰੀ ਐਕਟ ਦੀ ਉਲੰਘਣਾ ਕਰਨ ਸਮੇਤ ਵੱਖ-ਵੱਖ ਧਾਰਾਵਾਂ 'ਚ ਅਤੇ ਤਿੰਨ ਲੋਕਾਂ ਨੂੰ ਪੁਲਸ ਨੇ ਗੈਰ-ਕਾਨੂੰਨੀ ਸ਼ਰਾਬ, ਗਾਂਜਾ, ਇਤਰਾਜ਼ਯੋਗ ਵਸਤੂ ਰੱਖਣ, ਪਾਸਪੋਰਟ ਐਕਟ ਦੀ ਉਲੰਘਣਾ ਕਰਨ ਦੀ ਧਾਰਾ 'ਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਮੌਕੇ ਤੋਂ ਭਾਰੀ ਮਾਤਰਾ 'ਚ ਸ਼ਰਾਬ, ਗਾਂਜਾ, ਹੁੱਕਾ ਅਤੇ ਕਈ ਇਤਰਾਜ਼ਯੋਗ ਵਸਤੂਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਇਹ ਲੋਕ ਗੈਰ-ਕਾਨੂੰਨੀ ਰੂਪ ਨਾਲ ਰੇਵ ਪਾਰਟੀ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਪੁਲਸ ਇਨ੍ਹਾਂ ਤੋਂ ਪੁੱਛ-ਗਿੱਛ ਕਰ ਰਹੀ ਹੈ।


author

DIsha

Content Editor

Related News