ਮਹਿੰਗਾਈ ਦੀ ਦੋਹਰੀ ਮਾਰ ਨਾਲ ਛੋਟਾ ਹੋਇਆ ਰਾਵਣ ਦਾ 'ਕੱਦ'
Thursday, Oct 03, 2019 - 05:34 PM (IST)
ਨਵੀਂ ਦਿੱਲੀ (ਭਾਸ਼ਾ)— ਅਰਥਵਿਵਸਥਾ ਵਿਚ ਸੁਸਤੀ ਦੀ ਮਾਰ ਕਾਰਨ 'ਰਾਵਣ' ਵੀ ਬਚ ਨਹੀਂ ਸਕਿਆ ਹੈ। ਇਸ ਵਾਰ ਪੁਤਲਿਆਂ ਦੇ ਬਾਜ਼ਾਰ ਵਿਚ 'ਰਾਵਣ' ਦਾ ਕੱਦ ਹੋਰ ਛੋਟਾ ਹੋ ਗਿਆ ਹੈ। ਰਾਜਧਾਨੀ ਦੇ ਪੱਛਮੀ ਦਿੱਲੀ ਦੇ ਤਾਤਾਰਪੁਰ ਪਿੰਡ ਦੇ ਪੁਤਲਾ ਬਣਾਉਣ ਵਾਲੇ ਕਾਰੀਗਰਾਂ ਨੂੰ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਕਾਰੀਗਰਾਂ ਦਾ ਕਹਿਣਾ ਹੈ ਕਿ ਅਰਥਵਿਵਸਥਾ ਸੁਸਤ ਹੈ। ਮਹਿੰਗਾਈ ਦੀ ਦੋਹਰੀ ਮਾਰ ਹੈ, ਪੁਤਲਾ ਬਣਾਉਣ ਵਾਲੀਆਂ ਸਮੱਗਰੀਆਂ ਦੀਆਂ ਕੀਮਤਾਂ ਕਾਫੀ ਵਧ ਗਈਆਂ ਹਨ। ਅਜਿਹੇ ਵਿਚ ਪੁਤਲਿਆਂ ਦਾ ਆਕਾਰ ਕਾਫੀ ਛੋਟਾ ਕਰਨਾ ਪਿਆ ਹੈ।
ਤਾਤਾਰਪੁਰ ਪੁਤਲਿਆਂ ਦਾ ਬਾਜ਼ਾਰ ਹੈ ਪਰ ਇਸ ਸਾਲ ਇੱਥੇ ਕੁਝ ਹੀ ਥਾਂਵਾਂ 'ਤੇ ਪੁਤਲੇ ਬਣਾਏ ਜਾ ਰਹੇ ਹਨ। ਦੁਸਹਿਰੇ ਤੋਂ ਕਰੀਬ 45 ਦਿਨ ਪਹਿਲਾਂ ਆਲੇ-ਦੁਆਲੇ ਸੂਬਿਆਂ ਦੇ ਕਾਰੀਗਰ ਪੁਤਲਾ ਬਣਾਉਣ ਵਾਲੇ ਵੱਡੇ ਦੁਕਾਨਦਾਰਾਂ ਕੋਲ ਆ ਜਾਂਦੇ ਹਨ। ਪੁਤਲਾ ਬਣਾਉਣ ਵਾਲਿਆਂ 'ਚ ਦਿੱਲੀ ਤੋਂ ਇਲਾਵਾ ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਕਰਨਾਟਕ ਤਕ ਦੇ ਕਾਰੀਗਰ ਸ਼ਾਮਲ ਹਨ।
ਕੀ ਕਹਿਣਾ ਹੈ ਕਿ ਕਾਰੀਗਰਾਂ ਦਾ—
ਕਾਰੀਗਰਾਂ ਦਾ ਕਹਿਣਾ ਹੈ ਕਿ ਰਾਵਣ ਦਾ ਪੁਤਲਾ ਬਣਾਉਣ ਦੀ ਸਮੱਗਰੀ ਕਾਫੀ ਮਹਿੰਗੀ ਹੋ ਚੁੱੱਕੀ ਹੈ। ਪਿਛਲੇ 25 ਸਾਲਾਂ ਤੋਂ ਪੁਤਲਾ ਬਣਾ ਰਹੇ ਮਹਿੰਦਰ ਕਹਿੰਦੇ ਹਨ ਕਿ ਅਰਥਵਿਵਸਥਾ ਵਿਚ ਸੁਸਤੀ ਹੈ। ਹੋਰ ਖੇਤਰਾਂ ਵਾਂਗ ਇਸ ਦਾ ਅਸਰ ਪੁਤਲਿਆਂ ਦੇ ਕਾਰੋਬਾਰ 'ਤੇ ਵੀ ਪਿਆ ਹੈ। ਇਸ ਵਜ੍ਹਾ ਕਰ ਕੇ ਪੁਤਲਿਆਂ ਦਾ ਆਕਾਰ ਘੱਟ ਕਰਨਾ ਪਿਆ, ਕਿਉਂਕਿ ਪੁਤਲਾ ਜਿੰਨਾ ਵੱਡਾ ਹੋਵੇਗਾ ਲਾਗਤ ਵੀ ਓਨੀ ਹੀ ਵਧ ਹੋਵੇਗੀ ਅਤੇ ਕੀਮਤ ਵੀ ਉਸ ਹਿਸਾਬ ਨਾਲ ਵਧ ਜਾਵੇਗੀ।
ਮਹਿੰਗੀ ਹੋਈ ਪੁਤਲਾ ਬਣਾਉਣ ਦੀ ਸਮੱਗਰੀ—
ਪੁਤਲਾ ਬਣਾਉਣ ਦੀ ਸਮੱਗਰੀ ਵੀ ਕਾਫੀ ਮਹਿੰਗੀ ਹੋ ਚੁੱੱਕੀ ਹੈ। ਪੁਤਲਾ ਬੰਨ੍ਹਣ ਵਿਚ ਕੰਮ ਆਉਣ ਵਾਲੀ ਤਾਰ ਵੀ 50 ਰੁਪਏ ਕਿਲੋ ਦੀ ਬਜਾਏ 150 ਰੁਪਏ ਵਿਚ ਮਿਲ ਰਹੀ ਹੈ। ਕਾਗਜ਼ ਦੀ ਕੀਮਤ ਵੀ ਦੋਗੁਣੀ ਹੋ ਗਈ ਹੈ।
40 ਫੁੱਟ ਦੇ ਬਣਾਏ ਜਾ ਰਹੇ ਨੇ ਪੁਤਲੇ—
ਪੁਤਲੇ ਬਣਾਉਣ ਦੇ ਕੰਮ ਵਿਚ ਲੱਗੇ ਇਕ ਕਾਰੀਗਰ ਨੇ ਕਿਹਾ ਕਿ ਤਾਤਾਰਪੁਰ 'ਚ 40 ਫੁੱਟ ਦੇ ਪੁਤਲੇ ਬਣਾਏ ਜਾ ਰਹੇ ਹਨ। ਇਸ ਵਾਰ 40 ਫੁੱਟ ਦੇ ਪੁਤਲੇ ਦੀ ਕੀਮਤ 17,000 ਤੋਂ 20,000 ਰੁਪਏ ਤਕ ਪਹੁੰਚ ਗਈ ਹੈ। ਪਿਛਲੇ ਸਾਲ ਤਕ ਇਹ 12,000 ਤੋਂ 13,000 ਰੁਪਏ ਸੀ। ਤਾਤਾਰਪੁਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਪੁਤਲੇ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਪੰਜਾਬ ਤਕ ਭੇਜੇ ਜਾਂਦੇ ਹਨ। ਇਸ ਸਮੇਂ ਤਾਤਾਰਪੁਰ ਅਤੇ ਆਲੇ-ਦੁਆਲੇ ਇਲਾਕਿਆਂ ਵਿਚ 500 ਤੋਂ ਵਧ ਪੁਤਲੇ ਬਣਾਏ ਜਾ ਰਹੇ ਹਨ, ਜਦਕਿ ਕਦੇ ਇੱਥਏ 1,000 ਤੋਂ ਵਧ ਪੁਤਲੇ ਬਣਾਏ ਜਾਂਦੇ ਸਨ।