ਨਸ਼ੇੜੀ ਚੂਹਿਆਂ ਨੇ ਪਹਿਲਾਂ ਪੀਤੀ 1400 ਪੇਟੀਆਂ ਸ਼ਰਾਬ, ਫਿਰ ਖਾ ਗਏ 5 ਕਰੋੜ ਦਾ ਗਾਂਜਾ... ਪੁਲਸ ਦਾ ਅਜੀਬ ਦਾਅਵਾ

Monday, Sep 16, 2024 - 09:22 PM (IST)

ਨੈਸ਼ਨਲ ਡੈਸਕ : ਏਟਾ ਜ਼ਿਲ੍ਹੇ ਦੇ ਮਾਲਵਨ ਥਾਣੇ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 5 ਕਰੋੜ ਰੁਪਏ ਦੇ ਗਾਂਜੇ ਨੂੰ 'ਚੂਹੇ' ਖਾ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਸ ਮਾਮਲੇ 'ਚ ਪੁਲਸ ਨੇ ਚੂਹਿਆਂ 'ਤੇ ਗਾਂਜਾ ਖਾਣ ਦਾ ਦੋਸ਼ ਲਗਾਇਆ ਹੈ ਪਰ ਪੁਲਸ ਵਾਲਿਆਂ ਦੀ ਭੂਮਿਕਾ ਨੂੰ ਵੀ ਸ਼ੱਕੀ ਮੰਨਿਆ ਜਾ ਰਿਹਾ ਹੈ।

ਫਰਵਰੀ 2023 ਵਿੱਚ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਆਗਰਾ ਨੇੜੇ ਆਸਪੁਰ ਟੋਲ ਪਲਾਜ਼ਾ ਤੋਂ ਇੱਕ ਕੈਂਟਰ ਵਿੱਚ 10.41 ਕੁਇੰਟਲ ਗਾਂਜਾ ਜ਼ਬਤ ਕੀਤਾ ਸੀ, ਜਿਸ ਦੀ ਕੀਮਤ 5.20 ਕਰੋੜ ਰੁਪਏ ਦੱਸੀ ਗਈ ਸੀ। ਇਹ ਗਾਂਜਾ ਏਟਾ ਦੇ ਮਾਲਵਨ ਥਾਣੇ ਦੇ ਗੋਦਾਮ ਵਿੱਚ ਰੱਖਿਆ ਗਿਆ ਸੀ। ਜਦੋਂ ਕੁਝ ਮਹੀਨਿਆਂ ਬਾਅਦ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਗਾਂਜੇ ਦੇ ਪੈਕਟ ਕੱਟੇ ਹੋਏ ਸਨ।

ਪੁਲਸ ਵਾਲਿਆਂ 'ਤੇ ਸਵਾਲ ਉੱਠੇ
ਥਾਣਾ ਇੰਚਾਰਜ ਨਿਤਿਆਨੰਦ ਪਾਂਡੇ ਨੇ ਦੱਸਿਆ ਕਿ ਜਦੋਂ ਵਧੀਕ ਪੁਲਸ ਸੁਪਰਡੈਂਟ ਨੇ ਗੋਦਾਮ ਦੀ ਜਾਂਚ ਕੀਤੀ ਤਾਂ ਕੁਝ ਪੈਕਟ ਕੱਟੇ ਹੋਏ ਮਿਲੇ। ਉਨ੍ਹਾਂ ਦਾ ਦਾਅਵਾ ਹੈ ਕਿ ਚੂਹਿਆਂ ਨੇ ਉਨ੍ਹਾਂ ਪੈਕਟਾਂ ਨੂੰ ਨੁਕਸਾਨ ਪਹੁੰਚਾਇਆ ਸੀ। ਹਾਲਾਂਕਿ ਪੁਲਸ ਵਾਲਿਆਂ ਦੀ ਭੂਮਿਕਾ 'ਤੇ ਵੀ ਸਵਾਲ ਉੱਠ ਰਹੇ ਹਨ ਕਿਉਂਕਿ ਇਸ ਤੋਂ ਪਹਿਲਾਂ 2021 'ਚ ਵੀ ਏਟਾ ਤੋਂ 1400 ਪੇਟੀਆਂ ਸ਼ਰਾਬ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਸਮੇਂ ਵੀ ਪੁਲਸ ਨੇ ਚੂਹਿਆਂ ਨੂੰ ਹੀ ਦੋਸ਼ੀ ਠਹਿਰਾਇਆ ਸੀ। ਹੁਣ ਪੁਲਸ ਜਾਂਚ ਦੇ ਘੇਰੇ ਵਿਚ ਹੈ ਅਤੇ ਸਵਾਲ ਉਠਾਏ ਜਾ ਰਹੇ ਹਨ ਕਿ ਕੀ ਇਹ ਚੂਹੇ ਸੱਚਮੁੱਚ ਹੀ ਨਸ਼ੇੜੀ ਬਣ ਗਏ ਹਨ ਜਾਂ ਫਿਰ ਪੁਲਸ ਵਾਲਿਆਂ ਨੇ ਕੋਈ ਗੰਦੀ ਖੇਡ ਕੀਤੀ ਹੈ।


Baljit Singh

Content Editor

Related News