ਰਤਲਾਮ-ਇੰਦੌਰ ''ਡੇਮੂ ਟਰੇਨ'' ''ਚ ਲੱਗੀ ਭਿਆਨਕ ਅੱਗ, ਧੂਹ-ਧੂਹ ਕੇ ਸੜ ਗਈਆਂ ਦੋ ਬੋਗੀਆਂ
Sunday, Apr 23, 2023 - 01:21 PM (IST)
ਰਤਲਾਮ- ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਵਿਚ ਸਥਿਤ ਪ੍ਰੀਤਮ ਨਗਰ ਸਟੇਸ਼ਨ 'ਤੇ ਅੱਜ ਸਵੇਰੇ ਰਤਲਾਮ-ਇੰਦੌਰ ਜਾ ਰਹੀ ਇਕ ਡੇਮੂ ਟਰੇਨ ਦੇ ਦੋ ਡੱਬਿਆ 'ਚ ਅਚਾਨਕ ਅੱਗ ਲੱਗ ਗਈ। ਗ਼ਨੀਮਤ ਇਹ ਰਹੀ ਕਿ ਘਟਨਾ ਮਗਰੋਂ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਰੇਲਵੇ ਦੇ ਅਧਿਕਾਰਤ ਸੂਤਰਾਂ ਮੁਤਾਬਕ ਸਵੇਰੇ 6.35 ਵਜੇ ਇੰਦੌਰ ਲਈ ਰਵਾਨਾ ਹੋਈ ਡੇਮੂ ਟਰੇਨ ਸਵੇਰੇ 7 ਵਜੇ ਪ੍ਰੀਤਮ ਨਗਰ ਸਟੇਸ਼ਨ 'ਤੇ ਪਹੁੰਚੀ ਹੀ ਸੀ ਤਾਂ ਟਰੇਨ ਦੇ ਦੋ ਡੱਬਿਆਂ 'ਚ ਅਚਾਨਕ ਅੱਗ ਲੱਗ ਗਈ। ਯਾਤਰੀ ਕੁਝ ਸਮਝ ਪਾਉਂਦੇ, ਇਸ ਤੋਂ ਪਹਿਲਾਂ ਹੀ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਅੱਗ ਦੀਆਂ ਲਪਟਾਂ ਉਠਣ ਲੱਗੀਆਂ।
ਘਟਨਾ ਦੀ ਸੂਚਨਾ ਮਿਲਦੇ ਹੀ ਡਿਵੀਜ਼ਨਲ ਰੇਲ ਪ੍ਰਬੰਧਕ ਸਮੇਤ ਕਈ ਸੀਨੀਅਰ ਰੇਲ ਅਧਿਕਾਰੀ ਮੌਕੇ ਲਈ ਰਵਾਨਾ ਹੋ ਗਏ। ਟਰੇਨ ਵਿਚ ਅੱਗ ਲੱਗਣ ਨਾਲ ਰਤਲਾਮ-ਇੰਦੌਰ ਰੇਲ ਮਾਰਗ ਠੱਪ ਹੋ ਗਿਆ ਹੈ। ਰੇਲਵੇ ਅਧਿਕਾਰੀ ਖੇਮਰਾਜ ਮੀਣਾ ਨੇ ਦੱਸਿਆ ਕਿ ਟਰੇਨ 'ਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ ਸੀ ਅਤੇ ਕੁਝ ਹੀ ਦੇਰ 'ਚ ਕਰੀਬ ਸਵਾ 8 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ। ਅੱਗ ਟਰੇਨ ਦੇ ਜੈਨਰੇਟਰ ਕੋਚ ਵਿਚ ਲੱਗੀ ਸੀ। ਟਰੇਨ ਦੇ ਯਾਤਰੀਆਂ ਨੂੰ ਸਵੇਰੇ 10 ਵਜੇ ਰਤਲਾਮ ਤੋਂ ਰਵਾਨਾ ਹੋਣ ਵਾਲੀ ਇਕ ਹੋਰ ਯਾਤਰੀ ਟਰੇਨ ਰਾਹੀਂ ਇੰਦੌਰ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ। ਟਰੇਨ ਦਾ ਰਸਤਾ ਸਾਫ਼ ਕਰ ਦਿੱਤਾ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
ਕੀ ਹੁੰਦੀ ਹੈ 'ਡੇਮੂ ਟਰੇਨ'?
ਡੇਮੂ ਟਰੇਨ ਇਕ ਡੀਜ਼ਲ-ਇਲੈਕਟ੍ਰਿਕ ਮਲਟੀਪਲ ਯੂਨਿਟ (DEMU) ਹੁੰਦੀ ਹੈ। ਇਹ ਇਕ ਡੀਜ਼ਲ ਇੰਜਣ ਅਤੇ ਇਕ ਇਲੈਕਟ੍ਰੀਕਲ ਜਨਰੇਟਰ ਜਾਂ ਇਕ ਅਲਟਰਨੇਟਰ ਚਲਾਉਂਦਾ ਹੈ, ਜੋ ਬਿਜਲੀ ਊਰਜਾ ਪੈਦਾ ਕਰਦਾ ਹੈ। ਉਤਪੰਨ ਕਰੰਟ ਨੂੰ ਫਿਰ ਪਹੀਆਂ ਜਾਂ ਬੋਗੀਆਂ 'ਤੇ ਇਲੈਕਟ੍ਰਿਕ ਟ੍ਰੈਕਸ਼ਨ ਮੋਟਰਾਂ ਨੂੰ ਉਸੇ ਤਰ੍ਹਾਂ ਚਲਾਇਆ ਜਾਂਦਾ ਹੈ ਜਿਵੇਂ ਕਿ ਰਵਾਇਤੀ ਡੀਜ਼ਲ-ਇਲੈਕਟ੍ਰਿਕ ਲੋਕੋਮੋਟਿਵ।