ਰਾਜੌਰੀ ’ਚ ਪਹਿਲੀ ਵਾਰ ਫੜਿਆ ਗਿਆ ਦੁਰਲੱਭ ਭਾਰਤੀ ਪੈਂਗੋਲਿਨ
Friday, Jan 10, 2025 - 09:01 PM (IST)
ਰਾਜੌਰੀ, (ਸ਼ਿਵਮ)- ਭਾਰਤ ਦੇ ਦੁਰਲੱਭ ਅਤੇ ਲੁਪਤ ਹੋ ਰਹੀਆਂ ਪ੍ਰਜਾਤੀਆਂ ਵਿਚੋਂ ਇਕ ਭਾਰਤੀ ਪੈਂਗੋਲਿਨ, ਜਿਸਨੂੰ ਜੰਗਲੀ ਜੀਵ ਸੁਰੱਖਿਆ ਐਕਟ 1972 ਦੇ ਤਹਿਤ ਸ਼ਡਿਊਲ-1 ਵਿਚ ਸ਼ਾਮਲ ਕੀਤਾ ਗਿਆ ਹੈ, ਨੂੰ ਸੁੰਦਰਬਨੀ ਨੇੜੇ ਕੰਟਰੋਲ ਰੇਖਾ ਦੇ ਨੇੜੇ ਜੰਗਲਾਂ ਤੋਂ ਬਚਾਇਆ ਗਿਆ।
ਰਾਜੌਰੀ-ਪੂੰਛ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਅਮਿਤ ਸ਼ਰਮਾ ਮੁਤਾਬਕ, ਉਕਤ ਪੈਂਗੋਲਿਨ ਪਹਿਲੀ ਵਾਰ ਉਕਤ ਵਿਭਾਗ ’ਚ ਦੇਖਿਆ ਗਿਆ ਹੈ। ਪੈਂਗੋਲਿਨ ਦੀ ਪਛਾਣ ਉਨ੍ਹਾਂ ਦੇ ਸਰੀਰ ’ਤੇ ਪਾਏ ਜਾਣ ਵਾਲੇ ਵਿਲੱਖਣ ਅਤੇ ਸਖਤ ਸਕੇਲਸ ਰਾਹੀਂ ਹੁੰਦੀ ਹੈ, ਜੋ ਉਨ੍ਹਾਂ ਨੂੰ ਸ਼ਿਕਾਰੀਆਂ ਤੋਂ ਬਚਾਉਣ ਵਿਚ ਮਦਦ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਰਿਆਸੀ, ਸਤਵਾਰੀ, ਆਰ. ਐੱਸ. ਪੁਰਾ ’ਚ ਇਹ ਦੇਖਿਆ ਗਿਆ ਹੈ ਪਰ ਰਾਜੌਰੀ ਵਿਚ ਪਹਿਲੀ ਵਾਰ ਫੜਿਆ ਗਿਆ ਹੈ। ਸੁੰਦਰਬਨੀ ਦੇ ਜੰਗਲਾਂ ਵਿਚ ਫੌਜ ਦੇ ਜਵਾਨਾਂ ਨੇ ਇਸ ਦੁਰਲੱਭ ਜੀਵ ਨੂੰ ਦੇਖਿਆ ਅਤੇ ਤੁਰੰਤ ਜੰਗਲੀ ਜੀਵ ਵਿਭਾਗ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਜੰਗਲੀ ਜੀਵ ਅਧਿਕਾਰੀਆਂ ਅਤੇ ਫੌਜ ਦੀ ਇਕ ਸਾਂਝੀ ਟੀਮ ਨੇ ਪੈਂਗੋਲਿਨ ਨੂੰ ਸੁਰੱਖਿਅਤ ਥਾਂ ’ਤੇ ਭੇਜ ਦਿੱਤਾ।
ਅਮਿਤ ਸ਼ਰਮਾ ਨੇ ਕਿਹਾ ਕਿ ਪੈਂਗੋਲਿਨ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਉਸ ਨੂੰ ਕੁਦਰਤੀ ਵਾਤਾਵਰਣ ਵਿਚ ਵਾਪਸ ਛੱਡਣ ਤੋਂ ਪਹਿਲਾਂ ਸਾਰੇ ਜ਼ਰੂਰੀ ਸਿਹਤ ਸਬੰਧੀ ਟੈਸਟ ਕੀਤੇ ਜਾ ਰਹੇ ਹਨ।