ਪੈਦਾ ਹੋਇਆ ਦੋ ਸਿਰ ਅਤੇ ਚਾਰ ਅੱਖਾਂ ਵਾਲਾ ਅਜੀਬ ਵੱਛਾ, ਵੇਖਣ ਵਾਲਿਆਂ ਦੀ ਲੱਗੀ ਭੀੜ

Thursday, Sep 19, 2024 - 05:30 PM (IST)

ਪੈਦਾ ਹੋਇਆ ਦੋ ਸਿਰ ਅਤੇ ਚਾਰ ਅੱਖਾਂ ਵਾਲਾ ਅਜੀਬ ਵੱਛਾ, ਵੇਖਣ ਵਾਲਿਆਂ ਦੀ ਲੱਗੀ ਭੀੜ

ਮੈਂਗਲੁਰੂ- ਕਰਨਾਟਕ ਦੇ ਮੈਂਗਲੁਰੂ ਜ਼ਿਲ੍ਹੇ ਦੇ ਕਿੰਨੀਗੋਲੀ ਇਲਾਕੇ ਵਿਚ ਦੋ ਸਿਰ ਵਾਲਾ ਅਜੀਬ ਵੱਛਾ ਪੈਦਾ ਹੋਇਆ ਹੈ। ਜਿਸ ਨੂੰ ਵੇਖਣ ਲਈ ਪਸ਼ੂਆਂ ਦੇ ਡਾਕਟਰਾ ਸਮੇਤ ਵੱਡੀ ਗਿਣਤੀ ਵਿਚ ਸਥਾਨਕ ਲੋਕ ਇਕੱਠੇ ਹੋ ਰਹੇ ਹਨ। ਫਿਲਹਾਲ ਵੱਛਾ ਠੀਕ ਹੈ ਪਰ ਇਸ ਦਾ ਭਵਿੱਖ ਅਨਿਸ਼ਚਿਤ ਹੈ। ਦਰਅਸਲ ਮੈਂਗਲੁਰੂ ਦੇ ਕਿੰਨੀਗੋਲੀ ਵਿਚ ਇਕ ਗਊਸ਼ਾਲਾ ਦੇ ਮਾਲਕ ਜੈਰਾਮ ਜੋਗੀ ਨੇ ਦੱਸਿਆ ਕਿ ਮੰਗਲਵਾਰ ਨੂੰ ਉਨ੍ਹਾਂ ਦੀ ਇਕ ਗਾਂ ਨੇ ਇਸ ਅਜੀਬ ਦੋ ਮੂੰਹ ਵਾਲੇ ਵੱਛੇ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗਾਂ ਵੱਛੇ ਦੀ ਦੇਖਭਾਲ ਠੀਕ ਨਾਲ ਕਰ ਰਹੀ ਹੈ ਪਰ ਵੱਛਾ ਅਜੇ ਠੀਕ ਤਰ੍ਹਾਂ ਦੁੱਧ ਨਹੀਂ ਪੀ ਪਾ ਰਿਹਾ ਹੈ, ਜਿਸ ਕਾਰਨ ਉਸ ਨੂੰ ਬੋਤਲ ਨਾਲ ਦੁੱਧ ਪਿਲਾਇਆ ਜਾ ਰਿਹਾ ਹੈ।

ਇੰਨਾ ਹੀ ਨਹੀਂ ਦੋ ਸਿਰ ਹੋਣ ਕਾਰਨ ਵੱਛਾ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਦੀ ਕੋਸ਼ਿਸ਼ ਕਰਦਿਆਂ ਵਾਰ-ਵਾਰ ਡਿੱਗ ਰਿਹਾ ਹੈ। ਪਸ਼ੂਆਂ ਦੇ ਡਾਕਟਰਾਂ ਨੇ ਕਿਹਾ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਵੱਛਾ ਆਪਣੇ ਸਰੀਰ ਦਾ ਸੰਤੁਲਨ ਨਹੀਂ ਕਰ ਪਾ ਰਿਹਾ ਹੈ। ਪਸ਼ੂਆਂ ਦੇ ਡਾਕਟਰਾਂ ਨੇ ਦੱਸਿਆ ਕਿ ਵੱਛੇ ਦੀ ਇਸ ਸਥਿਤੀ ਨੂੰ 'ਪੋਲੀਸੇਫਲੀ' ਕਿਹਾ ਜਾਂਦਾ ਹੈ। ਇਸ ਵਿਚ ਇਕ ਜਾਨਵਰ ਦੇ ਇਕ ਤੋਂ ਵੱਧ ਸਿਰ ਹੁੰਦੇ ਹਨ। ਇਸ ਵੱਛੇ ਦੇ ਦੋ ਸਿਰ ਆਪਸ ਵਿਚ ਜੁੜੇ ਹੋਏ ਹਨ ਜਦਕਿ ਇਸ ਦਾ ਸਰੀਰ ਇਕ ਹੀ ਹੈ। ਉਸ ਦੀਆਂ ਚਾਰ ਅੱਖਾਂ ਹਨ ਪਰ ਸਿਰਫ਼ ਉੱਪਰਲੀਆਂ ਦੋ ਅੱਖਾਂ ਵਿਚ ਰੌਸ਼ਨੀ ਹੈ।

ਸਥਾਨਕ ਪਸ਼ੂ ਡਾਕਟਰ ਨੇ ਵੱਛੇ ਦੀ ਜਾਂਚ ਕੀਤੀ ਅਤੇ ਦੱਸਿਆ ਕਿ ਫਿਲਹਾਲ ਉਹ ਤੰਦਰੁਸਤ ਹੈ। ਹਾਲਾਂਕਿ ਉਸ ਦਾ ਜਿਊਂਦੇ ਰਹਿਣਾ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਉਸ ਨੂੰ ਕਿੰਨੀ ਚੰਗੀ ਦੇਖਭਾਲ ਮਿਲਦੀ ਹੈ। ਪੋਲੀਸੇਫਲੀ ਨਾਲ ਪੀੜਤ ਜ਼ਿਆਦਾਤਰ ਵੱਛੇ ਜਾਂ ਤਾਂ ਮਰੇ ਹੋਏ ਜੰਮਦੇ ਹਨ ਜਾਂ ਜਲਦੀ ਹੀ ਮਰ ਜਾਂਦੇ ਹਨ। ਫਿਲਹਾਲ ਕਈ ਪਸ਼ੂ ਪਾਲਕ ਉਸ ਦੀ ਦੇਖਭਾਲ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਵੱਛਾ ਜਲਦੀ ਹੀ ਆਪਣੇ ਪੈਰਾਂ 'ਤੇ ਖੜ੍ਹਾ ਹੋ ਜਾਵੇਗਾ ਅਤੇ ਤੁਰਨਾ ਸ਼ੁਰੂ ਕਰ ਦੇਵੇਗਾ।


author

Tanu

Content Editor

Related News