ਵਾਰਾਣਸੀ ''ਚ ਜ਼ਬਰਨ ਗਰਭਪਾਤ ਦੌਰਾਨ ਰੇਪ ਪੀੜਤਾ ਦੀ ਮੌਤ, ਦੋਸ਼ੀ ਗ੍ਰਿਫ਼ਤਾਰ

Tuesday, Aug 16, 2022 - 10:40 AM (IST)

ਵਾਰਾਣਸੀ ''ਚ ਜ਼ਬਰਨ ਗਰਭਪਾਤ ਦੌਰਾਨ ਰੇਪ ਪੀੜਤਾ ਦੀ ਮੌਤ, ਦੋਸ਼ੀ ਗ੍ਰਿਫ਼ਤਾਰ

ਵਾਰਾਣਸੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਚੋਲਾਪੁਰ ਥਾਣਾ ਇਲਾਕੇ ਇਕ ਰੇਪ ਪੀੜਤਾ ਅਣਵਿਆਹੀ ਵਿਦਿਆਰਥਣ ਦੀ ਜ਼ਬਰਨ ਗਰਭਪਾਤ ਕਰਵਾਏ ਜਾਣ ਦੌਰਾਨ ਇਕ ਨਿੱਜੀ ਹਸਪਤਾਲ 'ਚ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਕੁੜੀ ਦੇ ਮਾਮੇ ਦੀ ਸ਼ਿਕਾਇਤ ਦੇ ਆਧਾਰ 'ਤੇ ਸ਼ਨੀਵਾਰ ਨੂੰ ਦੋਸ਼ੀ ਨੌਜਵਾਨ, ਉਸ ਦੇ ਦੋਸਤ ਅਤੇ ਹਸਪਤਾਲ ਸੰਚਾਲਕ ਅਤੇ ਡਾਕਟਰ ਦੇ ਖ਼ਿਲਾਫ਼ ਸੰਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸ਼ਨੀਵਾਰ ਨੂੰ ਪੁਲਸ ਨੇ ਜਬਰ ਜ਼ਿਨਾਹ ਦੇ ਦੋਸ਼ੀ ਨੌਜਵਾਨ ਅਤੇ ਹਸਪਤਾਲ ਦੇ ਸੰਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਫਰਾਰ 2 ਹੋਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਸੁਪਰਡੈਂਟ ਸੂਰੀਆਕਾਂਤ ਤ੍ਰਿਪਾਠੀ ਨੇ ਸੋਮਵਾਰ ਨੂੰ ਦੱਸਿਆ ਕਿ ਚੋਲਾਪੁਰ ਪੁਲਸ ਸਟੇਸ਼ਨ 'ਚ ਇਕ 22 ਸਾਲਾ ਅਣਵਿਆਹੀ ਕੁੜੀ ਦੀ ਜ਼ਬਰਦਸਤੀ ਗਰਭਪਾਤ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਭਾਰਤੀ ਦੰਡਾਵਲੀ ਦੀ ਧਾਰਾ 376 (ਬਲਾਤਕਾਰ), 313 (ਮਹਿਲਾ ਦੀ ਸਹਿਮਤੀ ਤੋਂ ਬਿਨਾਂ ਗਰਭਪਾਤ), 314 (ਔਰਤ ਦੀ ਸਹਿਮਤੀ ਤੋਂ ਬਿਨਾਂ ਗਰਭਪਾਤ ਨਾਲ ਮੌਤ) ਅਤੇ 315 (ਕਿਸੇ ਵੀ ਬੱਚੇ ਦੇ ਪੈਦਾ ਹੋਣ ਤੋਂ ਰੋਕਣਾ, ਜਿਸ ਨਾਲ ਉਸ ਦੀ ਮੌਤ ਹੋਵੇ) ਦੇ ਅਧੀਨ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ 'ਚ ਜ਼ਮੀਨ ਖਿਸਕਣ ਕਾਰਨ ਇਕ ਵਿਅਕਤੀ ਦੀ ਮੌਤ, ਪਤਨੀ ਅਤੇ ਪੁੱਤਰ ਜ਼ਖ਼ਮੀ

ਉਨ੍ਹਾਂ ਦੱਸਿਆ ਕਿ ਗਰਭਪਾਤ ਲਈ ਲਿਜਾਉਣ ਵਾਲੇ ਦੋਸ਼ੀ ਪ੍ਰਦਿਊਮਨ ਯਾਦਵ ਅਤੇ ਗਰਭਪਾਤ ਕਰਵਾਉਣ ਵਾਲੀ ਹਸਪਤਾਲ ਦੀ ਸੰਚਾਲਕ ਸ਼ੀਲਾ ਪਟੇਲ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਾਨੂੰਨੀ ਕਾਰਵਾਈ ਪੂਰੀ ਕਰਨ ਮਗਰੋਂ ਜੇਲ੍ਹ ਭੇਜ ਦਿੱਤਾ ਹੈ। ਪੁਲਸ ਮੁਤਾਬਕ ਜ਼ਿਲ੍ਹੇ ਦੇ ਚੋਲਾਪੁਰ ਥਾਣਾ ਖੇਤਰ ਦੇ ਇਕ ਪਿੰਡ 'ਚ 22 ਸਾਲਾ ਕੁੜੀ ਆਪਣੇ ਮਾਮੇ ਦੇ ਘਰ ਪੜ੍ਹਦੀ ਸੀ ਅਤੇ ਉਸ ਦੀ ਮੁਲਾਕਾਤ ਪਹਾੜੀਆ ਨਿਵਾਸੀ ਅਕਾਥਾ ਦੇ ਡਰਾਈਵਰ ਪ੍ਰਦਿਊਮਨ ਯਾਦਵ (28 ਸਾਲ) ਨਾਲ ਹੋਈ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਹੈ ਕਿ ਪ੍ਰਦਿਊਮਨ ਨੇ ਵਿਦਿਆਰਥਣ ਨੂੰ ਆਪਣੇ ਪ੍ਰੇਮ ਜਾਲ 'ਚ ਫਸਾ ਕੇ ਉਸ ਨਾਲ ਜਬਰ ਜ਼ਿਨਾਹ ਕੀਤਾ। ਕੁੜੀ ਦੇ 5 ਮਹੀਨੇ ਦੀ ਗਰਭਵਤੀ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਦੋਸ਼ੀ ਸ਼ੁੱਕਰਵਾਰ ਨੂੰ ਉਸ ਨੂੰ ਦਵਾਈ ਦਿਵਾਉਣ ਦੇ ਬਹਾਨੇ ਇਕ ਨਿੱਜੀ ਹਸਪਤਾਲ ਲੈ ਗਿਆ ਅਤੇ ਉਸ ਦਾ ਜ਼ਬਰੀ ਗਰਭਪਾਤ ਕਰਾਇਆ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਸ ਦੀ ਹਾਲਤ ਵਿਗੜਨ ਕਾਰਨ ਉਹ ਉਸ ਨੂੰ ਦੂਜੇ ਹਸਪਤਾਲ ਲੈ ਗਿਆ, ਜਿੱਥੇ ਪੀੜਤਾ ਦੀ ਮੌਤ ਹੋ ਗਈ। ਸੂਚਨਾ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਕੁੜੀ ਦੇ ਮਾਮੇ ਦੀ ਸ਼ਿਕਾਇਤ 'ਤੇ ਪੁਲਸ ਨੇ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ 'ਚੋਂ ਬਲਾਤਕਾਰ ਦੇ ਦੋਸ਼ੀ ਪ੍ਰਦਿਊਮਨ ਯਾਦਵ ਅਤੇ ਹਸਪਤਾਲ ਦੇ ਸੰਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਪ੍ਰਦਿਊਮਨ ਦੇ ਸਾਥੀ ਅਤੇ ਡਾਕਟਰ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ : ਮਠਿਆਈ ਖੁਆਉਣ ਦੇ ਬਹਾਨੇ 7 ਸਾਲਾ ਮਾਸੂਮ ਨਾਲ ਹੈਵਾਨੀਅਤ, ਦੋਸ਼ੀ ਗ੍ਰਿਫ਼ਤਾਰ


author

DIsha

Content Editor

Related News