US ਹਿੰਸਾ : ਰਿਪਬਲਿਕਨ ਪਾਰਟੀ ਦੀ ਬੇਇੱਜ਼ਤੀ, ਟਰੰਪ ਨਾਲ ਗੱਲ ਕਰਨਗੇ ਰਾਮਦਾਸ ਅਠਾਵਲੇ
Saturday, Jan 09, 2021 - 06:16 PM (IST)
ਨਵੀਂ ਦਿੱਲੀ- ਅਮਰੀਕਾ ਦੇ ਸੰਸਦ ਭਵਨ (ਕੈਪਿਟਲ ਬਿਲਡਿੰਗ) 'ਚ ਹੋਈ ਹਿੰਸਾ 'ਤੇ ਰਿਪਬਲਿਕਨ ਪਾਰਟੀ ਆਫ਼ ਇੰਡੀਆ ਦੇ ਮੁਖੀ ਅਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਰਾਮਦਾਸ ਅਠਾਵਲੇ ਨੇ ਡੋਨਾਲਡ ਟਰੰਪ ਦੀ ਆਲੋਚਨਾ ਕੀਤੀ ਹੈ। ਅਠਾਵਲੇ ਨੇ ਕਿਹਾ,''ਮੈਂ ਡੋਨਾਲਡ ਟਰੰਪ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਉਨ੍ਹਾਂ ਕਾਰਨ ਸਾਡੀ ਰਿਪਬਲਿਕਨ ਪਾਰਟੀ ਦੀ ਬੇਇੱਜ਼ਤੀ ਹੋ ਰਹੀ ਹੈ, ਸਿਰਫ਼ ਬੇਇੱਜ਼ਤੀ ਹੀ ਨਹੀਂ ਸਗੋਂ ਲੋਕਤੰਤਰ ਦਾ ਅਪਮਾਨ ਵੀ ਹੋਇਆ ਹੈ।'' ਅਮਰੀਕਾ 'ਚ ਹੋਈ ਹਿੰਸਾ ਤੋਂ ਬਾਅਦ ਦੁਨੀਆ ਭਰ ਦੇ ਨੇਤਾਵਾਂ ਨੇ ਇਸ ਦੀ ਆਲੋਚਨਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਸੀ।
ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਅਠਾਵਲੇ ਨੇ ਸ਼ੁੱਕਰਵਾਰ ਨੂੰ ਕਿਹਾ,''ਯੂ.ਐੱਸ. ਕੈਪਿਟਲ 'ਚ ਜੋ ਘਟਨਾ ਹੋਈ, ਉਹ ਨਿੰਦਾਯੋਗ ਹੈ। ਇਹ ਨਾ ਸਿਰਫ਼ ਰਿਪਬਲਿਕਨ ਪਾਰਟੀ ਦਾ ਅਪਮਾਨ ਹੈ ਸਗੋਂ ਅਮਰੀਕਾ ਅਤੇ ਲੋਕਤੰਤਰ ਦਾ ਵੀ ਅਪਮਾਨ ਹੈ। ਇਸ ਲਈ ਅਸੀਂ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਾਂ। ਮੈਂ ਟਰੰਪ ਨਾਲ ਫ਼ੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ।'' ਅਠਾਵਲੇ ਨੇ ਕਿਹਾ,''ਟਰੰਪ ਨੂੰ ਹਰ ਮੰਨਣੀ ਚਾਹੀਦੀ ਸੀ ਅਤੇ ਅਗਲੀ ਚੋਣ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਪਰ ਅਜਿਹਾ ਕਰਨ ਦੀ ਬਜਾਏ, ਉਨ੍ਹਾਂ ਨੇ ਲੋਕਾਂ ਦੇ ਜਨਾਦੇਸ਼ ਦਾ ਅਪਮਾਨ ਕੀਤਾ ਅਤੇ ਲੋਕਤੰਤਰ ਦਾ ਅਪਮਾਨ ਕੀਤਾ ਹੈ।'' ਉਨ੍ਹਾਂ ਨੇ ਕਿਹਾ ਕਿ ਟਰੰਪ ਨੇ ਸੱਤਾ ਦੇ ਤਬਾਦਲੇ ਲਈ ਜੋ ਕੀਤਾ ਹੈ, ਉਹ ਲੋਕਤੰਤਰ ਲਈ ਹਾਨੀਕਾਰਕ ਹੈ, ਇਸ ਲਈ ਉਨ੍ਹਾਂ ਨੇ ਰਿਪਬਲਿਕਨ ਕਹਿਲਾਉਣ ਦਾ ਅਧਿਕਾਰ ਗਵਾ ਦਿੱਤਾ ਹੈ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਕੈਪਿਟਲ ਬਿਲਡਿੰਗ 'ਚ ਹੋਈ ਹਿੰਸਾ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 60 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ