ਰਾਸ਼ਟਰਪਤੀ ਨੇ ਦਿੱਤੇ ਪਦਮ ਪੁਰਸਕਾਰ, ਸੁਖਦੇਵ ਸਿੰਘ ਢੀਂਡਸਾ 'ਪਦਮ ਭੂਸ਼ਣ' ਨਾਲ ਸਨਮਾਨਤ

03/11/2019 1:58:01 PM

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੋਮਵਾਰ ਨੂੰ ਇਸ ਸਾਲ ਪਦਮ ਪੁਰਸਕਾਰਾਂ ਲਈ ਚੁਣੀਆਂ ਗਈਆਂ 112 ਸ਼ਖਸੀਅਤਾਂ 'ਚੋਂ 56 ਨੂੰ ਰਾਸ਼ਟਰਪਤੀ ਭਵਨ ਵਿਖੇ ਇਹ ਸਨਮਾਨ ਪ੍ਰਦਾਨ ਕੀਤੇ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ। ਸਨਮਾਨ ਮਿਲਣ ਤੋਂ ਬਾਅਦ ਢੀਂਡਸਾ ਪਰਿਵਾਰ ਨੇ ਖੁਸ਼ੀ ਜ਼ਾਹਰ ਕੀਤੀ। ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਦੇ ਸਮਾਜਿਕ ਕੰਮਾਂ ਨੂੰ ਦੇਖਦੇ ਹੋਏ ਇਹ ਐਵਾਰਡ ਦਿੱਤਾ ਹੈ। ਮੈਂ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਚੋਣ ਕਮੇਟੀ ਦਾ ਧੰਨਵਾਦ ਕਰਦਾ ਹਾਂ। ਪਰਿਵਾਰ ਦੇ ਬਿਨਾਂ ਇਹ ਸਭ ਮੁਮਕਿਨ ਨਹੀਂ ਸੀ। ਪਰਿਵਾਰ ਦੀ ਇਸ 'ਚ ਅਹਿਮ ਭੂਮਿਕਾ ਰਹੀ ਹੈ। ਪਰਿਵਾਰ ਤੋਂ ਬਹੁਤ ਲੰਬਾ ਸਮਾਂ ਦੂਰ ਵੀ ਰਿਹਾ, ਉਨ੍ਹਾਂ ਨੇ ਮੇਰਾ ਪੂਰਾ ਸਹਿਯੋਗ ਕੀਤਾ।

 

PunjabKesari

ਇਸ ਤੋਂ ਇਲਾਵਾ ਭਾਜਪਾ ਪਾਰਟੀ ਦੇ ਲੋਕ ਸਭਾ ਮੈਂਬਰ ਹੁਕਮਨਦੇਵ ਨਾਰਾਇਣ ਯਾਦਵ ਅਤੇ ਭਾਰਤੀ ਅਭਿਨੇਤਾ, ਡਾਇਰੈਕਟਰ ਮੋਹਨਲਾਲ ਨੂੰ ਇਸ ਐਵਾਰਡ ਨਾਲ ਸਨਮਾਨਤ ਕੀਤਾ ਗਿਆ।

PunjabKesari
ਮਰਹੂਮ ਅਭਿਨੇਤਾ ਕਾਦਰ ਖਾਨ ਨੂੰ ਪਦਮ ਸ਼੍ਰੀ ਅਤੇ ਮੰਨੇ-ਪ੍ਰਮੰਨੇ ਪੱਤਰਕਾਰ ਮਰਹੂਮ ਕੁਲਦੀਪ ਨਈਅਰ ਨੂੰ ਪਦਮ ਭੂਸ਼ਣ ਐਵਾਰਡ ਮਿਲਿਆ। ਇਹ ਐਵਾਰਡ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੇ ਗਏ। ਨਈਅਰ ਦੀ ਪਤਨੀ ਭਾਰਤੀ ਨਈਅਰ ਨੇ ਇਹ ਐਵਾਰਡ ਲਿਆ। ਡਾਂਸਰ, ਫਿਲਮ ਡਾਇਰੈਕਟਰ ਅਤੇ ਅਭਿਨੇਤਾ ਪ੍ਰਭੂ ਦੇਵਾ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਮਹਾਰਾਸ਼ਟਰ ਤੋਂ ਰੰਗ-ਮੰਚ ਨਾਲ ਜੁੜੇ ਬਾਬਾ ਸਾਹਿਬ ਪੁਰੰਦਰੇ ਉਰਫ ਬਲਵੰਤ ਮੋਰੇਸ਼ਵਰ ਪੁਰੰਦਰੇ ਨੂੰ ਪਦਮ ਵਿਭੂਸ਼ਣ, ਸਿਸਕੋ ਸਿਸਟਮਸ ਦੇ ਸਾਬਕਾ ਸੀ. ਈ. ਓ. ਜਾਨ ਚੈਂਬਰਸ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ।

PunjabKesari

ਸਾਬਕਾ ਵਿਦੇਸ਼ ਸਕੱਤਰ ਸੁਬਰਾਮਣੀਅਮ ਜੈਸ਼ੰਕਰ ਨੂੰ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਗਿਆ। 

PunjabKesari

ਰਾਸ਼ਟਰਪਤੀ ਨੇ ਟੈਨਿਸ ਖਿਡਾਰੀ ਸ਼ਰਤ ਕਮਾਲ ਅਤੇ ਗਰੈਂਡ ਮਾਸਟਰ ਹਰਿਕਾ ਦ੍ਰੋਨਾਵੱਲੀ ਨੂੰ ਪਦਮ ਸ਼੍ਰੀ ਐਵਾਰਡ ਨਾਲ ਨਵਾਜ਼ਿਆ। ਭਾਰਤੀ ਸਟਾਰ ਰੈਸਲਰ ਬਜਰੰਗ ਪੁਨੀਆ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਦੱਸਣਯੋਗ ਹੈ ਕਿ ਪਦਮ ਪੁਰਸਕਾਰਾਂ ਦਾ ਐਲਾਨ ਗਣਤੰਤਰ ਦਿਵਸ 'ਤੇ ਕੀਤਾ ਗਿਆ ਸੀ। ਬਾਕੀ ਪੁਰਸਕਾਰ ਜੇਤੂਆਂ ਨੂੰ ਇਸ ਮਹੀਨੇ ਦੇ ਅਖੀਰ ਵਿਚ ਆਯੋਜਿਤ ਹੋਣ ਵਾਲੇ ਇਕ ਹੋਰ ਸਮਾਰੋਹ ਵਿਚ ਸਨਮਾਨਤ ਕੀਤੇ ਜਾਣ ਦੀ ਸੰਭਾਵਨਾ ਹੈ।


Tanu

Content Editor

Related News