ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਾਗੂ, ਰਾਸ਼ਟਰਪਤੀ ਕੋਵਿੰਦ ਨੇ ਲਾਈ ਮੋਹਰ

11/12/2019 6:03:36 PM

ਮੁੰਬਈ— ਮਹਾਰਾਸ਼ਟਰ 'ਚ ਸਰਕਾਰ ਦੇ ਗਠਨ ਦੀ ਕੋਸ਼ਿਸ਼ ਫੇਲ ਹੋਣ ਤੋਂ ਬਾਅਦ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੀ ਮੋਹਰ ਲਾ ਦਿੱਤੀ ਹੈ। ਮਹਾਰਾਸ਼ਟਰ 'ਚ ਰਾਜਪਾਲ ਭਗਤ ਸਿੰਘ ਕਸ਼ੋਯਾਰੀ ਨੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫਾਰਿਸ਼ ਕੀਤੀ ਸੀ। ਉਨ੍ਹਾਂ ਨੇ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਸੀ। ਮੋਦੀ ਕੈਬਨਿਟ ਦੀ ਬੈਠਕ 'ਚ ਸ਼ਾਸਨ ਲਾਗੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਕੈਬਨਿਟ ਦੇ ਫੈਸਲੇ ਮਗਰੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੋਹਰ ਲਾ ਦਿੱਤੀ। ਪੰਜਾਬ ਦੌਰੇ 'ਤੇ ਰਾਸ਼ਟਰਪਤੀ ਜਿਵੇਂ ਹੀ ਦਿੱਲੀ ਪਰਤੇ ਤਾਂ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਵਲੋਂ ਭੇਜੀ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਸਿਫਾਰਿਸ਼ 'ਤੇ ਆਪਣੀ ਮੋਹਰ ਲਾ ਦਿੱਤੀ। ਇਸ ਦੇ ਨਾਲ ਹੀ ਮਹਾਰਾਸ਼ਟਰ 'ਚ 24 ਅਕਤੂਬਰ ਤੋਂ ਬਰਕਰਾਰ ਸਸਪੈਂਸ ਖਤਮ ਹੋ ਗਿਆ। ਰਾਜਪਾਲ ਨੇ ਭਾਜਪਾ, ਸ਼ਿਵ ਸੈਨਾ ਅਤੇ ਰਾਕਾਂਪਾ (ਐੱਨ. ਸੀ. ਪੀ.) ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਸੀ। 

ਮਹਾਰਾਸ਼ਟਰ 'ਚ 288 ਮੈਂਬਰੀ ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਵੋਟਾਂ ਹੋਈਆਂ ਸਨ। ਵੋਟਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨ ਗਏ। ਇਸ ਚੋਣਾਂ 'ਚ ਭਾਜਪਾ ਅਤੇ ਸ਼ਿਵ ਸੈਨਾ ਦੇ ਗਠਜੋੜ ਨੂੰ 161 ਸੀਟਾਂ ਮਿਲੀਆਂ ਸਨ, ਜੋ ਕਿ ਸਰਕਾਰ ਬਣਾਉਣ ਲਈ ਜ਼ਰੂਰੀ 145 ਦੇ ਅੰਕੜੇ ਤੋਂ ਜ਼ਿਆਦਾ ਸੀ ਪਰ ਮੁੱਖ ਮੰਤਰੀ ਕਿਸ ਪਾਰਟੀ ਦਾ ਹੋਵੇਗਾ, ਇਸ ਨੂੰ ਲੈ ਕੇ ਗਤੀਰੋਧ ਚੱਲਦਾ ਰਿਹਾ ਅਤੇ ਨਵੀਂ ਸਰਕਾਰ ਦਾ ਗਠਨ ਨਹੀਂ ਹੋ ਸਕਿਆ। ਚੋਣਾਂ 'ਚ ਭਾਜਪਾ ਦੇ ਖਾਤੇ 105, ਸ਼ਿਵ ਸੈਨਾ ਨੂੰ 56, ਰਾਕਾਂਪਾ ਨੂੰ 54 ਅਤੇ ਕਾਂਗਰਸ ਨੂੰ 44 ਸੀਟਾਂ ਮਿਲੀਆਂ ਸਨ। 

ਮਹਾਰਾਸ਼ਟਰ 'ਚ ਭਾਜਪਾ ਸਰਕਾਰ ਬਣਾਉਣ 'ਚ ਅਸਫਲ ਰਹੀ। ਰਾਸ਼ਟਰੀ ਜਨਤਾਂਤਿਰ ਗਠਜੋੜ ਅਤੇ ਸ਼ਿਵ ਸੈਨਾ ਨੇਤਾ ਅਰਵਿੰਦ ਸਾਵੰਤ ਦੇ ਅਸਤੀਫੇ ਮਗਰੋਂ ਸ਼ਿਵ ਸੈਨਾ ਅਤੇ ਭਾਜਪਾ ਦਰਮਿਆਨ ਭਗਵਾ ਗਠਜੋੜ ਟੁੱਟ ਗਿਆ। ਹਾਲਾਂਕਿ ਮੁੱਖ ਮੰਤਰੀ ਦੇ ਅਹੁਦੇ ਲਈ ਭਾਜਪਾ ਗਠਜੋੜ ਤੋਂ ਕਿਨਾਰਾ ਕਰਨ ਵਾਲੀ ਸ਼ਿਵ ਸੈਨਾ ਵੀ ਸਰਕਾਰ ਬਣਾਉਣ ਲਈ ਖੁੰਝ ਗਈ, ਕਿਉਂਕਿ ਉਸ ਨੇ ਰਾਜਪਾਲ ਤੋਂ ਹੋਰ ਸਮਾਂ ਮੰਗਿਆ ਸੀ, ਉਸ ਨੂੰ ਸਮਾਂ ਨਹੀਂ ਮਿਲਿਆ। ਇਸ ਤੋਂ ਬਾਅਦ ਤੀਜੇ ਸਭ ਤੋਂ ਵੱਡੇ ਦਲ ਰਾਕਾਂਪਾ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਸੀ। ਹਾਲਾਂਕਿ ਰਾਕਾਂਪਾ ਵਲੋਂ ਵੀ ਅਧਿਕਾਰਤ ਤੌਰ 'ਤੇ ਸਰਕਾਰ ਬਣਾਉਣ ਨੂੰ ਲੈ ਕੇ ਕੋਈ ਦਾਅਵਾ ਨਹੀਂ ਕੀਤਾ ਗਿਆ ਸੀ।


Tanu

Content Editor

Related News