ਰਾਮ ਮੰਦਰ ’ਚ ‘ਖਾਸ’ ਕਰਮਚਾਰੀਆਂ ਦੀ ਵਾਪਸੀ, ਨਵੇਂ ਜਨਰਲ ਸਕੱਤਰ ਗੋਵਿੰਦਦੇਵ ਨੇ ਕਈ ਫ਼ੈਸਲੇ ਪਲਟੇ
Wednesday, Sep 09, 2026 - 07:34 PM (IST)
ਅਯੁੱਧਿਆ (ਇੰਟ.)- ਅਯੁੱਧਿਆ ’ਚ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਨਵੇਂ ਜਨਰਲ ਸਕੱਤਰ ਸਵਾਮੀ ਗੋਵਿੰਦਦੇਵ ਗਿਰੀ ਦੇ ਕਾਰਜਭਾਰ ਸੰਭਾਲਣ ਤੋਂ ਬਾਅਦ ਮੰਦਰ ਦੀਆਂ ਵਿਵਸਥਾਵਾਂ ’ਚ ਵੱਡੇ ਬਦਲਾਅ ਸ਼ੁਰੂ ਹੋ ਗਏ ਹਨ। ਅੰਤਰਿਮ ਜਨਰਲ ਸਕੱਤਰ ਕ੍ਰਿਸ਼ਨ ਮੋਹਨ ਦੇ ਕਾਰਜਕਾਲ ’ਚ ਹਟਾਏ ਗਏ ਜਾਂ ਦੂਜੀ ਜਗ੍ਹਾ ਭੇਜੇ ਗਏ ਕਈ ‘ਖਾਸ’ ਕਰਮਚਾਰੀਆਂ ਦੀ ਪੁਰਾਣੇ ਅਹੁਦਿਆਂ ਅਤੇ ਜ਼ਿੰਮੇਵਾਰੀਆਂ ’ਤੇ ਵਾਪਸੀ ਸ਼ੁਰੂ ਹੋ ਗਈ ਹੈ। ਇਨ੍ਹਾਂ ’ਚ ਸਾਬਕਾ ਟਰੱਸਟੀ ਡਾ. ਅਨਿਲ ਮਿਸ਼ਰਾ ਅਤੇ ਟਰੱਸਟ ਨਾਲ ਜੁੜੇ ਹੋਰ ਸੀਨੀਅਰ ਅਹੁਦੇਦਾਰਾਂ ਦੇ ਕਰੀਬੀ ਮੰਨੇ ਜਾਣ ਵਾਲੇ ਕਰਮਚਾਰੀ ਵੀ ਸ਼ਾਮਲ ਹਨ।
ਦਾਨ ਚੋਰੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਜਨਰਲ ਸਕੱਤਰ ਚੰਪਤ ਰਾਏ ਦੇ ਅਸਤੀਫੇ ਤੋਂ ਬਾਅਦ ਕ੍ਰਿਸ਼ਨ ਮੋਹਨ ਨੂੰ ਅੰਤਰਿਮ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਗੋਪਾਲ ਰਾਓ ਦੇ ਕਰੀਬੀ ਦੱਸੇ ਜਾਣ ਵਾਲੇ ਸੋਮੇਸ਼ ਅਲੰਦੀ ਨੂੰ ਤੀਰਥ ਖੇਤਰ ਪੁਰਮ ਤੋਂ ਵਾਪਸ ਰਾਮ ਮੰਦਰ ’ਚ ਤਾਇਨਾਤੀ ਦੇਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਅਜੇ ਰਾਮ ਮੰਦਰ ’ਚ ਜੁਆਇਨ ਨਹੀਂ ਕੀਤਾ ਹੈ ਅਤੇ ਤੀਰਥ ਖੇਤਰ ਪੁਰਮ ’ਚ ਹੀ ਹਨ। ਡਾ. ਅਨਿਲ ਮਿਸ਼ਰਾ ਦੇ ਕਰੀਬੀ ਮੰਨੇ ਜਾਣ ਵਾਲੇ ਕੇ. ਡੀ. ਤਿਵਾੜੀ ਨੂੰ ਉਨ੍ਹਾਂ ਦੀਆਂ ਪੁਰਾਣੀਆਂ ਜ਼ਿੰਮੇਵਾਰੀਆਂ ’ਤੇ ਵਾਪਸ ਭੇਜੇ ਜਾਣ ਦਾ ਫੈਸਲਾ ਵੀ ਚਰਚਾ ’ਚ ਹੈ। ਇਸ ਦੇ ਨਾਲ ਹੀ ਮੰਦਰ ਨਾਲ ਜੁੜੀਆਂ ਵੱਖ-ਵੱਖ ਏਜੰਸੀਆਂ ਦੇ ਪੈਂਡਿੰਗ ਭੁਗਤਾਨ ਜਾਰੀ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।
ਲੱਗਭਗ 2 ਦਿਨ ਪਹਿਲਾਂ ਸ਼ਹੀਦ ਕਾਰਸੇਵਕ ਵਾਸੁਦੇਵ ਗੁਪਤਾ ਦੇ ਪੁੱਤਰ ਸੰਦੀਪ ਗੁਪਤਾ ਨਾਲ ਕੇ. ਡੀ. ਤਿਵਾੜੀ ਅਤੇ ਬਜਰੰਗ ਪਾਠਕ ਨੂੰ ਵੀ ਪੁਰਾਣੀਆਂ ਜ਼ਿੰਮੇਵਾਰੀਆਂ ’ਤੇ ਬਹਾਲ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ। ਸੰਦੀਪ ਗੁਪਤਾ ਤੀਰਥ ਯਾਤਰੀ ਸੇਵਾ ਕੇਂਦਰ ’ਚ ਲਾਕਰ ਵਿਵਸਥਾ ਨਾਲ ਜੁੜੇ ਸਨ। ਇਕ ਵਿਦੇਸ਼ੀ ਔਰਤ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਵਿਵਸਥਾ ਤੋਂ ਹਟਾਇਆ ਗਿਆ ਸੀ।
ਕਾਰਨ ਦੱਸੋ ਨੋਟਿਸ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਵੀ ਸ਼ੁਰੂ
ਕ੍ਰਿਸ਼ਨ ਮੋਹਨ ਦੇ ਕਾਰਜਕਾਲ ’ਚ ਮੰਦਰ ’ਚ ਕਾਰਜਸ਼ੀਲ ਕਈ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਨੂੰ ਵਾਪਸ ਲੈਣ ਜਾਂ ਉਨ੍ਹਾਂ ਨੂੰ ਬੇਅ ਸਰ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਇਸੇ ਤਰ੍ਹਾਂ ਰਾਮਲੱਲਾ ਦੀ ਜਿਊਲਰੀ ਅਤੇ ਦਾਨਦਾਤਿਆਂ ਤੋਂ ਪ੍ਰਾਪਤ ਵਸਤੂਆਂ ਦੀ ਦੇਖਰੇਖ ਨਾਲ ਜੁੜੇ ਕੇ. ਡੀ. ਤਿਵਾੜੀ ਅਤੇ ਪ੍ਰਸਾਦ ਵਿਵਸਥਾ ਦੇ ਇੰਚਾਰਜ ਬਜਰੰਗ ਪਾਠਕ ਨੂੰ ਸ਼ਿਕਾਇਤਾਂ ਤੋਂ ਬਾਅਦ ਰਾਮ ਮੰਦਰ ਤੋਂ ਹਟਾ ਕੇ ਤੀਰਥ ਖੇਤਰ ਪੁਰਮ ਭੇਜਿਆ ਗਿਆ ਸੀ। ਕੇ. ਡੀ. ਤਿਵਾੜੀ ਨੇ ਉੱਥੇ ਕਾਰਜਭਾਰ ਸੰਭਾਲ ਲਿਆ ਸੀ, ਜਦਕਿ ਬਜਰੰਗ ਪਾਠਕ ਨੇ ਹੁਕਮ ਦੀ ਪਾਲਣਾ ਨਹੀਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਵੀ ਪ੍ਰਬੰਧ ਤੋਂ ਬਾਹਰ ਕਰ ਦਿੱਤਾ ਗਿਆ ਸੀ। ਹੁਣ ਨਵੇਂ ਜਨਰਲ ਸਕੱਤਰ ਸਵਾਮੀ ਗੋਵਿੰਦਦੇਵ ਗਿਰੀ ਨੇ ਦੋਵਾਂ ਨੂੰ ਉਨ੍ਹਾਂ ਦੀਆਂ ਪੁਰਾਣੀਆਂ ਜ਼ਿੰਮੇਵਾਰੀਆਂ ਨਾਲ ਰਾਮ ਮੰਦਰ ’ਚ ਵਾਪਸ ਭੇਜ ਦਿੱਤਾ ਹੈ।
