ਦਿੱਲੀ ਦੇ ਸਾਬਕਾ ਮੁੱਖ ਸਕੱਤਰ ਨੇ ਕੀਤੀ ਖ਼ੁਦਕੁਸ਼ੀ, ਫਲੈਟ ''ਚ ਫਾਹੇ ਨਾਲ ਲਟਕਦੀ ਮਿਲੀ ਲਾਸ਼

Tuesday, Sep 08, 2026 - 09:08 PM (IST)

ਦਿੱਲੀ ਦੇ ਸਾਬਕਾ ਮੁੱਖ ਸਕੱਤਰ ਨੇ ਕੀਤੀ ਖ਼ੁਦਕੁਸ਼ੀ, ਫਲੈਟ ''ਚ ਫਾਹੇ ਨਾਲ ਲਟਕਦੀ ਮਿਲੀ ਲਾਸ਼

ਨੋਇਡਾ : ਦਿੱਲੀ ਦੇ ਸਾਬਕਾ ਮੁੱਖ ਸਕੱਤਰ ਅਤੇ 1975 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਰਾਕੇਸ਼ ਮਹਿਤਾ ਨੇ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਲਈ ਹੈ। 75 ਸਾਲਾ ਰਾਕੇਸ਼ ਮਹਿਤਾ ਦੀ ਲਾਸ਼ ਨੋਇਡਾ ਦੇ ਸੈਕਟਰ-82 ਸਥਿਤ ਕੇਂਦਰ ਵਿਹਾਰ-2 ਸੁਸਾਇਟੀ ਵਿੱਚ ਉਨ੍ਹਾਂ ਦੇ ਫਲੈਟ ਵਿੱਚ ਫਾਹੇ ਨਾਲ ਲਟਕਦੀ ਹੋਈ ਮਿਲੀ। ਪੁਲਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਮਾਨਸਿਕ ਤਣਾਅ ਅਤੇ ਕਈ ਸਰੀਰਕ ਬੀਮਾਰੀਆਂ ਦਾ ਜ਼ਿਕਰ ਕੀਤਾ ਗਿਆ ਹੈ। ਪੁਲਸ ਵੱਲੋਂ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਤ ਨਾਲ ਜੁੜੇ ਸਾਰੇ ਹਾਲਾਤਾਂ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਰਾਕੇਸ਼ ਮਹਿਤਾ ਦੀ ਪਤਨੀ ਸੁਮੰਤੀ ਮਹਿਤਾ, ਜੋ ਕਿ ਖ਼ੁਦ ਵੀ ਇੱਕ ਸੇਵਾਮੁਕਤ ਆਈਏਐਸ ਅਧਿਕਾਰੀ ਹਨ, ਇਨੀਂ ਦਿਨੀਂ ਆਪਣੇ ਬੇਟੇ ਨੂੰ ਮਿਲਣ ਲਈ ਦੇਹਰਾਦੂਨ ਗਈ ਹੋਈ ਸੀ। ਉਨ੍ਹਾਂ ਦੀ ਇੱਕ ਬੇਟੀ ਵੀ ਹੈ, ਜੋ ਵਿਦੇਸ਼ ਵਿੱਚ ਰਹਿੰਦੀ ਹੈ। ਸ਼ਨੀਵਾਰ ਨੂੰ ਜਦੋਂ ਸੁਮੰਤੀ ਮਹਿਤਾ ਨੇ ਆਪਣੇ ਪਤੀ ਨੂੰ ਫੋਨ ਕੀਤਾ, ਤਾਂ ਕਈ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਫੋਨ ਰਿਸੀਵ ਨਹੀਂ ਹੋਇਆ। ਲਗਾਤਾਰ ਸੰਪਰਕ ਨਾ ਹੋਣ ਕਾਰਨ ਕਿਸੇ ਅਣਹੋਣੀ ਦੇ ਖ਼ਦਸ਼ੇ ਤਹਿਤ ਉਹ ਦੇਹਰਾਦੂਨ ਤੋਂ ਤੁਰੰਤ ਨੋਇਡਾ ਵਾਪਸ ਪਰਤ ਆਈ।

ਨੋਇਡਾ ਪਹੁੰਚਣ 'ਤੇ ਜਦੋਂ ਸੁਮੰਤੀ ਮਹਿਤਾ ਆਪਣੇ ਫਲੈਟ 'ਤੇ ਪਹੁੰਚੀ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਵੀ ਜਦੋਂ ਦਰਵਾਜ਼ਾ ਨਹੀਂ ਖੁੱਲ੍ਹਿਆ, ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅੰਦਰੋਂ ਬੰਦ ਦਰਵਾਜ਼ੇ ਨੂੰ ਤੋੜਿਆ ਅਤੇ ਫਲੈਟ ਦੇ ਅੰਦਰ ਦਾਖਲ ਹੋਈ। ਅੰਦਰ ਰਾਕੇਸ਼ ਮਹਿਤਾ ਫਾਹੇ ਨਾਲ ਲਟਕੇ ਹੋਏ ਮਿਲੇ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਘਟਨਾ ਸਥਾਨ ਤੋਂ ਮਿਲੇ ਸੁਸਾਈਡ ਨੋਟ ਦੀ ਪ੍ਰਮਾਣਿਕਤਾ ਅਤੇ ਉਸ ਵਿੱਚ ਲਿਖੀਆਂ ਗੱਲਾਂ ਦੀ ਜਾਂਚ ਕਰ ਰਹੀ ਹੈ।

ਰਾਕੇਸ਼ ਮਹਿਤਾ ਦਾ ਪ੍ਰਸ਼ਾਸਨਿਕ ਕਰੀਅਰ ਤਿੰਨ ਦਹਾਕਿਆਂ ਤੋਂ ਵੀ ਵੱਧ ਲੰਬਾ ਰਿਹਾ ਹੈ। ਉਨ੍ਹਾਂ ਨੇ ਦਿੱਲੀ ਸਰਕਾਰ ਅਤੇ ਨਗਰ ਨਿਗਮ ਵਿੱਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਸੇਵਾਵਾਂ ਨਿਭਾਈਆਂ। ਉਹ ਸਾਲ 2007 ਤੋਂ ਨਵੰਬਰ 2010 (ਆਪਣੀ ਸੇਵਾਮੁਕਤੀ) ਤੱਕ ਦਿੱਲੀ ਦੇ ਮੁੱਖ ਸਕੱਤਰ ਰਹੇ। ਸਾਲ 2010 ਵਿੱਚ ਦਿੱਲੀ ਵਿਖੇ ਹੋਈਆਂ ਕਾਮਨਵੈਲਥ ਗੇਮਜ਼ (ਰਾਸ਼ਟਰਮੰਡਲ ਖੇਡਾਂ) ਦੌਰਾਨ ਵੀ ਉਨ੍ਹਾਂ ਨੇ ਪ੍ਰਸ਼ਾਸਨ ਨਾਲ ਜੁੜੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਸੰਭਾਲੀਆਂ ਸਨ। 

ਦਿੱਲੀ ਦੇ ਸ਼ਹਿਰੀ ਪ੍ਰਸ਼ਾਸਨ ਅਤੇ ਆਵਾਜਾਈ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਕਈ ਅਹਿਮ ਫ਼ੈਸਲੇ ਲਏ ਗਏ ਸਨ। ਉਨ੍ਹਾਂ ਨੂੰ ਦਿੱਲੀ ਵਿੱਚ ਜਨਤਕ ਆਵਾਜਾਈ ਪ੍ਰਣਾਲੀ ਵਿੱਚ ਬਦਲਾਅ ਲਿਆਉਣ, ਖ਼ਾਸ ਕਰਕੇ ਬਲੂ ਲਾਈਨ ਬੱਸਾਂ ਨੂੰ ਹਟਾਉਣ ਅਤੇ ਲੋਅ-ਫਲੋਰ ਬੱਸਾਂ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਵਿੱਚ ਅਹਿਮ ਭੂਮਿਕਾ ਲਈ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਅਚਾਨਕ ਚਲੇ ਜਾਣ ਕਾਰਨ ਪ੍ਰਸ਼ਾਸਨਿਕ ਅਤੇ ਸਿਆਸੀ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
 


author

Inder Prajapati

Content Editor

Related News