ਰਾਮ ਮਾਧਵ ਕਸ਼ਮੀਰ ਵਾਦੀ ਦੀਆਂ 47 ਸੀਟਾਂ ਲਈ ‘ਲੁਕਵੀਂ ਹਮਾਇਤ’ ਦੀ ਕਰਨਗੇ ਭਾਲ
Saturday, Aug 24, 2024 - 07:02 PM (IST)
ਨਵੀਂ ਦਿੱਲੀ- ਆਰ. ਐੱਸ. ਐੱਸ. ਦੇ ਪ੍ਰਚਾਰਕ ਰਾਮ ਮਾਧਵ ਨੂੰ ਸ਼ਾਇਦ ਭਾਜਪਾ ਲੀਡਰਸ਼ਿਪ ਨੇ ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਨਾਲ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਇੰਚਾਰਜ ਵਜੋਂ ਮੁੜ ਜੋੜਿਆ ਹੈ।
ਪਰ ਇਸ ਵਾਰ ਭਾਜਪਾ ਦਾ ਮਹਿਬੂਬਾ ਮੁਫਤੀ ਦੀ ਅਗਵਾਈ ਵਾਲੀ ਪੀ. ਡੀ. ਪੀ. ਨਾਲ ਕੋਈ ਖਾਮੋਸ਼ ਸਮਝੌਤਾ ਹੋਣ ਦੀ ਸੰਭਾਵਨਾ ਨਹੀਂ ਹੈ।
ਮਾਧਵ 2014 ’ਚ ਬੀ. ਜੇ. ਪੀ.-ਪੀ. ਡੀ. ਪੀ. ਗੱਠਜੋੜ ਦੇ ਆਰਕੀਟੈਕਟ ਸਨ। ਬੀ. ਜੇ. ਪੀ. ਨੇ 2014 ’ਚ ਪੀ. ਡੀ. ਪੀ. ਨਾਲ ਮਿਲ ਕੇ ਸਰਕਾਰ ਬਣਾਈ ਸੀ ਪਰ ਸਰਕਾਰ ਪੂਰੇ 6 ਸਾਲ ਨਹੀਂ ਚੱਲ ਸਕੀ ਕਿਉਂਕਿ 2018 ’ਚ ਬੀ. ਜੇ. ਪੀ. ਨੇ ਆਪਣੀ ਹਮਾਇਤ ਵਾਪਸ ਲੈ ਲਈ ਸੀ। ਬਾਅਦ ’ਚ ਬੀ. ਜੇ. ਪੀ. ਨੇ ਧਾਰਾ 370 ਨੂੰ ਖ਼ਤਮ ਕਰ ਦਿੱਤਾ ਅਤੇ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ।
ਕਿਹਾ ਜਾਂਦਾ ਹੈ ਕਿ ਰਾਮ ਮਾਧਵ ਕੁਝ ਮਤਭੇਦਾਂ ਕਾਰਨ ਭਾਜਪਾ ਲੀਡਰਸ਼ਿਪ ਤੋਂ ਵੱਖ ਹੋ ਗਏ ਸਨ ਕਿਉਂਕਿ ਉਹ 2020 ’ਚ ਆਸਾਮ ਤੇ ਹੋਰ ਉੱਤਰੀ-ਪੂਰਬੀ ਸੂਬਿਆਂ ਦੇ ਇੰਚਾਰਜ ਵੀ ਸਨ। ਹਾਲਾਂਕਿ, ਉਸ ਸਮੇਂ ਉਨ੍ਹਾਂ ਨੂੰ ਹਟਾਉਣ ਦਾ ਅਸਲ ਕਾਰਨ ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਸਨ।
ਇਕ ਹੋਰ ਕਾਰਨ ਇਹ ਵੀ ਸੀ ਕਿ ਉਸ ਵੇਲੇ ਦੇ ਰਾਜਪਾਲ ਸਤਪਾਲ ਮਲਿਕ ਨੇ ਜੰਮੂ-ਕਸ਼ਮੀਰ ਆਉਣ ਲਈ ਉਨ੍ਹਾਂ ਦਾ ਨਾਂ ਪੇਸ਼ ਕੀਤਾ ਸੀ। ਲਗਭਗ 4 ਸਾਲ ਬਾਅਦ ਉਨ੍ਹਾਂ ਦੀ ਅਚਾਨਕ ਬਹਾਲੀ ਇਹ ਦਰਸਾਉਂਦੀ ਹੈ ਕਿ ਵਾਦੀ ਪ੍ਰਤੀ ਉਹ ਚੌਕਸ ਹਨ।
ਭਾਜਪਾ ਦੀ ਮੁੱਖ ਚਿੰਤਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਦੀ ਮੁੜ ਵਾਪਸੀ ਹੈ, ਜਿਸ ਨੇ ਫਾਰੂਕ ਅਬਦੁੱਲਾ ਦੀ ਅਗਵਾਈ ਵਾਲੀ ਨੈਸ਼ਨਲ ਕਾਨਫਰੰਸ ਨਾਲ ਚੋਣ ਗੱਠਜੋੜ ਕਰ ਲਿਆ ਹੈ। ਰਾਮ ਮਾਧਵ ਲਈ ਕੰਮ ਔਖਾ ਹੋਵੇਗਾ ਕਿਉਂਕਿ ਭਾਜਪਾ ਜੰਮੂ ਵਿਚ ਇਕੱਲਿਆਂ ਚੋਣਾਂ ਲੜਨ ਦਾ ਇਰਾਦਾ ਰੱਖਦੀ ਹੈ, ਜਿੱਥੇ 43 ਸੀਟਾਂ ਹਨ ਅਤੇ ਕਾਂਗਰਸ ਚੜ੍ਹਤ ’ਤੇ ਹੈ।
ਵਾਦੀ ’ਚ ਭਾਜਪਾ ਕੁਝ ਆਜ਼ਾਦ ਤੇ ਕੁਝ ‘ਛੋਟੇ ਖਿਡਾਰੀਆਂ’ ਨਾਲ ਭਾਈਵਾਲੀ ਕਰ ਸਕਦੀ ਹੈ ਪਰ ਉੱਥੇ 47 ਸੀਟਾਂ ਲਈ ਸਿੱਧਾ ਗੱਠਜੋੜ ਨਹੀਂ ਹੋਵੇਗਾ। ਰਾਮ ਮਾਧਵ ਉੱਥੋਂ ਦੀਆਂ 47 ਸੀਟਾਂ ਲਈ ‘ਲੁਕਵੀਂ ਹਮਾਇਤ’ ਦੀ ਭਾਲ ਕਰਨਗੇ। ਪਾਰਟੀ ਚੋਣਵੇਂ ਹਲਕਿਆਂ ’ਚ ਸਿਆਸੀ ਆਧਾਰ ਵਾਲੇ ਨੌਜਵਾਨ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਨ ’ਤੇ ਵਿਚਾਰ ਕਰ ਰਹੀ ਹੈ। ਉਹ ਜਿੱਤਣ ਲਈ ਸਿਰਫ 10 ਸੀਟਾਂ ਦਾ ਹੀ ਟੀਚਾ ਰੱਖ ਰਹੀ ਹੈ।