ਰਾਮ ਮਾਧਵ ਦਾ ਵੱਡਾ ਬਿਆਨ-ਜਿਨ੍ਹਾਂ ਦਾ ਨਾਂ NRC ''ਚ ਨਹੀਂ, ਉਨ੍ਹਾਂ ਨੂੰ ਦੇਸ਼ ''ਚੋਂ ਬਾਹਰ ਕੱਢਿਆ ਜਾਵੇਗਾ

Tuesday, Sep 11, 2018 - 12:22 PM (IST)

ਨਵੀਂ ਦਿੱਲੀ— ਅਸਾਮ 'ਚ ਲਾਗੂ ਹੋਏ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਦੇ ਮੁੱਦੇ 'ਤੇ ਬਹੁਤ ਰਾਜਨੀਤਿਕ ਬਵਾਲ ਮਚਿਆ ਹੋਇਆ ਹੈ। ਹੁਣ ਭਾਰਤੀ ਜਨਤਾ ਪਾਰਟੀ ਦੇ ਮਹਾਸਕੱਤਰ ਰਾਮ ਮਾਧਵ ਨੇ ਇਸ ਮੁੱਦੇ 'ਤੇ ਇਕ ਵੱਡਾ ਬਿਆਨ ਦਿੱਤਾ ਹੈ। ਸੋਮਵਾਰ ਨੂੰ ਰਾਮ ਮਾਧਵ ਨੇ ਕਿਹਾ ਕਿ ਅਸਾਮ 'ਚ ਰਾਸ਼ਟਰੀ ਨਾਗਰਿਕ ਪੰਜੀ(ਐਨ.ਆਰ.ਸੀ.) ਦੀ ਅੰਤਿਮ ਸੂਚੀ 'ਚ ਸ਼ਾਮਲ ਨਾ ਕੀਤੇ ਜਾਣ ਵਾਲੇ ਲੋਕਾਂ ਕੋਲੋਂ ਵੋਟ ਪਾਉਣ ਦਾ ਅਧਿਕਾਰ ਖੋਹ ਲਿਆ ਜਾਵੇਗਾ ਅਤੇ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜ ਦਿੱਤਾ ਜਾਵੇਗਾ। 

ਸੈਮੀਨਾਰ 'ਚ ਮਾਧਵ ਨੇ ਕਿਹਾ ਕਿ 1985 'ਚ ਹੋਏ ਅਸਾਮ ਸਮਝੌਤੇ ਤਹਿਤ ਐਨ.ਆਰ.ਸੀ. ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਸਰਕਾਰ ਨੇ ਰਾਜ ਦੇ ਸਾਰੇ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਵਚਨਬੱਧਤਾ ਜਾਹਿਰ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਐਨ.ਆਰ.ਸੀ. ਨਾਲ ਸਾਰੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਸੁਨਿਸ਼ਚਿਤ ਹੋ ਸਕੇਗੀ। ਅਗਲਾ ਕਦਮ ਮਿਟਾਉਣ ਦਾ ਹੋਵੇਗਾ ਯਾਨੀ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਨਾਂ ਮਤਦਾਤਾ ਸੂਚੀ ਤੋਂ ਹਟਾ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਸਾਰੇ ਸਰਕਾਰੀ ਲਾਭਾਂ ਤੋਂ ਵਾਂਝੇ ਕਰ ਦਿੱਤਾ ਜਾਵੇਗਾ। ਇਸ ਦੇ ਅਗਲੇ ਪੜਾਅ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕਰ ਦਿੱਤਾ ਜਾਵੇਗਾ। 
ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢੇ ਜਾਣ 'ਤੇ ਭਾਰਤ ਨੂੰ ਅੰਤਰ-ਰਾਸ਼ਟਰੀ ਆਲੋਚਨਾ ਦਾ ਸਾਹਮਣਾ ਕਰਨ ਦੀ ਸਥਿਤੀ ਦੀ ਗੱਲ ਕਹਿਣ ਵਾਲਿਆਂ 'ਤੇ ਨਿਸ਼ਾਨਾ ਸਾਧਦੇ ਹੋਏ ਮਾਧਵ ਨੇ ਕਿਹਾ ਕਿ ਬੰਗਲਾਦੇਸ਼ ਵੀ ਮਿਆਂਮਾਰ ਨਾਲ ਸਰਗਰਮ ਰਹਿਣ ਦੀ ਗੱਲ ਕਰ ਰਿਹਾ ਹੈ ਤਾਂ ਜੋ ਲੱਖਾਂ ਰੋਹਿੰਗੀਆਂ ਲੋਕਾਂ ਨੂੰ ਉਥੋਂ ਤੋਂ ਬਾਹਰ ਕੱਢਿਆ ਜਾ ਸਕੇ। ਮਿਆਂਮਾਰ 'ਚ ਅੱਤਿਆਚਾਰ ਦਾ ਸ਼ਿਕਾਰ ਹੋਣ ਦੇ ਬਾਅਦ ਲੱਖਾਂ ਰੋਹਿੰਗੀਆਂ ਮੁਸਲਮਾਨਾਂ ਨੇ ਬੰਗਲਾਦੇਸ਼ 'ਚ ਸ਼ਰਨ ਲੈ ਰੱਖੀ ਹੈ। ਮਾਧਵ ਨੇ ਕਿਹਾ ਕਿ ਦੁਨੀਆ 'ਚ ਕੋਈ ਵੀ ਦੇਸ਼ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਰਦਾਸ਼ ਨਹੀਂ ਕਰਦਾ ਪਰ ਭਾਰਤ ਰਾਜਨੀਤਿਕ ਕਾਰਨਾਂ ਕਰਕੇ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਧਰਮਸ਼ਾਲਾ ਬਣ ਗਿਆ ਹੈ। 
ਇਸ ਵਿਚਾਲੇ ਭਾਜਪਾ ਦੇ ਹੀ ਨੇਤਾ ਅਤੇ ਅਸਾਮ ਦੇ ਮੁੱਖਮੰਤਰੀ ਸਰਵਾਨੰਦ ਸੋਨੋਵਾਲ ਨੇ ਕਿਹਾ ਕਿ ਐਨ.ਆਰ.ਸੀ. ਨੂੰ ਪੂਰੇ ਭਾਰਤ 'ਚ ਲਾਗੂ ਕੀਤਾ ਜਾਵੇ। ਐਨ.ਆਰ.ਸੀ. ਡਿਫੈਂਡਿੰਗ ਦਿ ਬਾਰਡਰਸ, ਸੈਕਊਰਿੰਗ ਦਿ ਕਲਚਰ ਵਿਸ਼ੇ 'ਤੇ ਇਕ ਸੈਮੀਨਾਰ ਨੂੰ ਸੰਬੋਧਿਤ ਕਰਦੇ ਹੋਏ ਸੋਨੋਵਾਲ ਨੇ ਕਿਹਾ ਕਿ ਭਾਰਤ ਦੇ ਨਾਗਰਿਕਾਂ ਨੂੰ ਆਪਣੀ ਨਾਗਰਿਕਤਾ ਸਾਬਤ ਕਰਨ ਅਤੇ ਐਨ.ਆਰ.ਸੀ. ਦੀ ਅੰਤਿਮ ਸੂਚੀ 'ਚ ਆਪਣਾ ਨਾਂ ਸ਼ਾਮਲ ਕਰਵਾਉਣ ਲਈ ਮੌਕਾ ਦਿੱਤਾ ਜਾਵੇਗਾ। 
ਉਨ੍ਹਾਂ ਨੇ ਕਿਹਾ ਕਿ ਐਨ.ਆਰ.ਸੀ. ਸਾਰੇ ਰਾਜਾਂ 'ਚ ਲਾਗੂ ਕੀਤੀ ਜਾਣੀ ਚਾਹੀਦੀ ਹੈ, ਇਹ ਅਜਿਹਾ ਦਸਤਾਵੇਜ਼ ਹੈ ਜੋ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਕਰ ਸਕਦਾ ਹੈ। ਅਸਾਮ 'ਚ ਐਨ.ਆਰ.ਸੀ. 'ਚ ਸ਼ਾਮਲ ਨਾ ਕੀਤੇ ਜਾਣ ਵਾਲੇ ਲੋਕ ਹੋਰ ਰਾਜਾਂ 'ਚ ਜਾ ਸਕਦੇ ਹਨ, ਇਸ ਲਈ ਸਾਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।


Related News