ਨਾਇਡੂ ਨੇ ਪੋਰਨਗ੍ਰਾਫੀ ''ਤੇ ਰੋਕ ਲਈ ਮੰਗੇ ਸੰਸਦ ਮੈਂਬਰਾਂ ਤੋਂ ਸੁਝਾਅ

Friday, Nov 29, 2019 - 01:48 PM (IST)

ਨਾਇਡੂ ਨੇ ਪੋਰਨਗ੍ਰਾਫੀ ''ਤੇ ਰੋਕ ਲਈ ਮੰਗੇ ਸੰਸਦ ਮੈਂਬਰਾਂ ਤੋਂ ਸੁਝਾਅ

ਨਵੀਂ ਦਿੱਲੀ— ਰਾਜ ਸਭਾ ਦੇ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਪੋਰਨਗ੍ਰਾਫੀ ਯਾਨੀ ਅਸ਼ਲੀਲ ਸਮੱਗਰੀ ਨੂੰ ਗੰਭੀਰ ਸਮਾਜਿਕ ਸਮੱਸਿਆ ਕਰਾਰ ਦਿੰਦੇ ਹੋਏ ਕਾਂਗਰਸ ਦੇ ਜੈਰਾਮ ਰਮੇਸ਼ ਦੀ ਅਗਵਾਈ 'ਚ ਸੀਨੀਅਰ ਮੈਂਬਰਾਂ ਤੋਂ ਇਸ 'ਤੇ ਰੋਕ ਲਗਾਉਣ ਲਈ ਠੋਸ ਅਤੇ ਸਕਾਰਾਤਮਕ ਸੁਝਾਅ ਦੇਣ ਲਈ ਕਿਹਾ ਹੈ। ਨਾਇਡੂ ਨੇ ਸ਼ੁੱਕਰਵਾਰ ਨੂੰ ਸਿਫ਼ਰਕਾਲ 'ਚ ਆਪਣੇ ਵਲੋਂ ਵਿਸ਼ੇ ਰੱਖਦੇ ਹੋਏ ਕਿਹਾ ਕਿ ਇਕ ਦਿਨ ਪਹਿਲਾਂ ਹੀ ਅੰਨਾਦਰਮੁਕ ਦੀ ਵਿਜੀਲਾ ਸੱਤਿਆਨਾਨਥ ਨੇ ਇਹ ਗੰਭੀਰ ਵਿਸ਼ਾ ਸਦਨ 'ਚ ਚੁੱਕਿਆ ਸੀ। ਸਪੀਕਰ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਬੇਹੱਦ ਗੰਭੀਰ ਅਤੇ ਚਿੰਤਾ ਕਰਨ ਵਾਲਾ ਵਿਸ਼ਾ ਹੈ, ਜਿਸ 'ਤੇ ਸਾਨੂੰ ਸਾਰਿਆਂ ਨੂੰ ਉੱਚ ਸਦਨ ਹੋਣ ਦੇ ਨਾਤੇ ਆਪਣੇ ਵਲੋਂ ਪਹਿਲ ਕਰਨੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਸ਼੍ਰੀ ਜੈਰਾਮ ਰਮੇਸ਼ ਦੀ ਅਗਵਾਈ 'ਚ ਸੀਨੀਅਰ ਮੈਂਬਰਾਂ ਦੀ ਇਕ ਕਮੇਟੀ ਨੂੰ ਇਸ 'ਤੇ ਵਿਚਾਰ ਕਰਨਾ ਚਾਹੀਦਾ। ਇਸ 'ਚ ਭਾਜਪਾ ਦੇ ਵਿਨੇ ਸਹਿਸਰਬੁਧੇ, ਦਰਮੁਕ ਦੇ ਤਿਰੂਚੀ ਸ਼ਿਵਾ ਅਤੇ ਤ੍ਰਿਣਮੂਲ ਕਾਂਗਰਸ ਦੇ ਸੁਖੇਂਦੁ ਸ਼ੇਖਰ ਰਾਏ ਅਤੇ ਹੋਰ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਧਿਕਾਰਤ ਕਮੇਟੀ ਨਹੀਂ ਹੋਵੇਗੀ ਅਤੇ ਕਮੇਟੀ ਦੇ ਮੈਂਬਰਾਂ ਨੂੰ ਸਮਾਜ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਠੋਸ ਸੁਝਾਅ ਦੇਣੇ ਹੋਣਗੇ, ਜਿਸ 'ਤੇ ਚਰਚਾ ਤੋਂ ਬਾਅਦ ਇਨ੍ਹਾਂ ਨੂੰ ਅਮਲ 'ਚ ਲਿਆਉਣ ਦੀ ਪ੍ਰਕਿਰਿਆ ਅੱਗੇ ਵਧਾਈ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਜਿਹੀ ਸਮੱਸਿਆ ਹੈ, ਜਿਸ ਕਾਰਨ ਸਮਾਜ 'ਚ ਚਿੰਤਾ ਦਾ ਮਾਹੌਲ ਬਣ ਰਿਹਾ ਹੈ, ਇਸ ਲਈ ਇਸ ਦੇ ਜਲਦ ਅਤੇ ਠੋਸ ਹੱਲ ਦੀ ਲੋੜ ਹੈ। ਸ਼੍ਰੀਮਤੀ ਸੱਤਿਆਨਾਥਨ ਵਲੋਂ ਵੀਰਵਾਰ ਨੂੰ ਸਿਫ਼ਰਕਾਲ 'ਚ ਇਹ ਮੁੱਦਾ ਚੁੱਕੇ ਜਾਣ 'ਤੇ ਕਈ ਮੈਂਬਰਾਂ ਨੇ ਇਸ ਦਾ ਸਮਰਥਨ ਕੀਤਾ ਸੀ। ਉਸ ਸਮੇਂ ਸਦਨ 'ਚ ਮੌਜੂਦ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੇ ਮਾਮਲਿਆਂ 'ਚ ਸ਼ਿਕਾਇਤ ਕੀਤੇ ਜਾਣ 'ਤੇ ਉੱਚਿਤ ਕਾਰਵਾਈ ਕੀਤੀ ਜਾਵੇਗੀ।


author

DIsha

Content Editor

Related News