ਰਾਜਨਾਥ ਸਿੰਘ ਰੂਸ ਦੀ ‘ਵਿਕਟਰੀ ਡੇ ਪਰੇਡ’ ’ਚ ਨਹੀਂ ਹੋਣਗੇ ਸ਼ਾਮਲ

Saturday, May 03, 2025 - 11:30 PM (IST)

ਰਾਜਨਾਥ ਸਿੰਘ ਰੂਸ ਦੀ ‘ਵਿਕਟਰੀ ਡੇ ਪਰੇਡ’ ’ਚ ਨਹੀਂ ਹੋਣਗੇ ਸ਼ਾਮਲ

ਨਵੀਂ ਦਿੱਲੀ, (ਭਾਸ਼ਾ)– ਰੱਖਿਆ ਮੰਤਰੀ ਰਾਜਨਾਥ ਸਿੰਘ ਰੂਸ ਵੱਲੋਂ 9 ਮਈ ਨੂੰ ਮਾਸਕੋ ’ਚ ਆਯੋਜਿਤ ਕੀਤੀ ਜਾਣ ਵਾਲੀ ‘ਵਿਕਟਰੀ ਡੇ ਪਰੇਡ’ ਵਿਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਦੀ ਥਾਂ ’ਤੇ ਰੱਖਿਆ ਰਾਜ ਮੰਤਰੀ ਸੰਜੇ ਸੇਠ ਉੱਥੇ ਭਾਰਤ ਦੀ ਨੁਮਾਇੰਦਗੀ ਕਰ ਸਕਦੇ ਹਨ।

ਇਸ ਸਮਾਗਮ ਵਿਚ ਰੱਖਿਆ ਰਾਜ ਮੰਤਰੀ ਸੇਠ ਨੂੰ ਭੇਜਣ ਦਾ ਕਦਮ ਪਹਿਲਗਾਮ ਅੱਤਵਾਦੀ ਹਮਲੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਨੂੰ ਵੇਖਦਿਆਂ ਚੁੱਕਿਆ ਗਿਆ ਹੈ। ਰੂਸ ਨੇ ਦੂਜੀ ਸੰਸਾਰ ਜੰਗ ਵਿਚ ਜਰਮਨੀ ’ਤੇ ਸੋਵੀਅਤ ਜਿੱਤ ਦੀ 80ਵੀਂ ਵਰ੍ਹੇਗੰਢ ਦੇ ਮੌਕੇ ’ਤੇ ਆਯੋਜਿਤ ‘ਵਿਕਟਰੀ ਡੇ ਪਰੇਡ’ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਸੀ ਪਰ ਇਹ ਫੈਸਲਾ ਲਿਆ ਗਿਆ ਕਿ ਸਿੰਘ ਇਸ ਵਿਚ ਸ਼ਾਮਲ ਹੋਣਗੇ।

ਸੂਤਰਾਂ ਨੇ ਦੱਸਿਆ ਕਿ ਸੇਠ ਪਰੇਡ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ। ਰੂਸ ਨੇ ਇਸ ਸਾਲ ‘ਵਿਕਟਰੀ ਡੇ ਪਰੇਡ’ ਵਿਚ ਹਿੱਸਾ ਲੈਣ ਲਈ ਕਈ ਮਿੱਤਰ ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਸਾਲ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਾਲਾਨਾ ਸਿਖਰ ਸੰਮੇਲਨ ਅਤੇ ਕਜ਼ਾਨ ’ਚ ਆਯੋਜਿਤ ਬ੍ਰਿਕਸ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ 2 ਵਾਰ ਰੂਸ ਗਏ ਸਨ।


author

Rakesh

Content Editor

Related News