ਕਾਂਗਰਸ ਦੇ ਸੱਤਾ ’ਚ ਆਉਣ ’ਤੇ ਵਧਦੈ ਭ੍ਰਿਸ਼ਟਾਚਾਰ : ਰਾਜਨਾਥ

04/13/2024 6:56:06 PM

ਦੰਤੇਵਾੜਾ, (ਭਾਸ਼ਾ)- ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਜਦੋਂ ਵੀ ਕਾਂਗਰਸ ਸੱਤਾ ਵਿਚ ਆਉਂਦੀ ਹੈ ਤਾਂ ਭ੍ਰਿਸ਼ਟਾਚਾਰ ਵੱਧ ਜਾਂਦਾ ਹੈ ਜਦੋਂ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ 10 ਸਾਲਾਂ ਵਿਚ ਭ੍ਰਿਸ਼ਟਾਚਾਰ ਦਾ ਇਕ ਵੀ ਇਲਜ਼ਾਮ ਨਹੀਂ ਲੱਗਿਆ ਹੈ। ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲੇ ਦੇ ਗੀਦਮ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਸੂਬੇ ਵਿਚ ਕਾਂਗਰਸ ਖ਼ਤਮ ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਕਾਂਗਰਸ ਜੰਗਾਲ ਲੱਗੇ ਲੋਹੇ ਦੇ ਟੁਕੜੇ ਵਾਂਗ ਹੈ ਅਤੇ ਇਹ ਰਿਐਲਿਟੀ ਸ਼ੋਅ ‘ਬਿੱਗ ਬੌਸ’ ਦੇ ‘ਘਰ’ ਵਰਗੀ ਲੱਗਣ ਲੱਗੀ ਹੈ। ਉਨ੍ਹਾਂ ਨੇ ਰਾਸ਼ਟਰੀ ਜਨਤਾ ਦਲ (ਰਾਜਦ) ਦੀ ਆਗੂ ਮੀਸਾ ਭਾਰਤੀ ਦੇ ਉਸ ਬਿਆਨ ਦੀ ਵੀ ਆਲੋਚਨਾ ਕੀਤੀ ਕਿ ਜੇਕਰ ਭਾਰਤੀ ਜਨਤਾ ਪਾਰਟੀ ਚੋਣਾਂ ਹਾਰ ਜਾਂਦੀ ਹੈ ਅਤੇ ਵਿਰੋਧੀ ਧੜਾ ‘ਇੰਡੀਆ’ ਸਰਕਾਰ ਬਣਾਉਂਦੀ ਹੈ ਤਾਂ ਮੋਦੀ ਨੂੰ ਜੇਲ ਜਾਣਾ ਪਵੇਗਾ।

ਰਾਜਨਾਥ ਸਿੰਘ ਨੇ ਚਾਰਾ ਘਪਲੇ ਵਿਚ ਭਾਰਤੀ ਦੇ ਪਿਤਾ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਹੋਈ ਸਜ਼ਾ ਨੂੰ ਲੈ ਕੇ ਕਿਹਾ ਕਿ ਜੋ ਨੇਤਾ ਜੇਲ ਵਿਚ ਹਨ, ਉਹ ਵੋਟ ਹਾਸਲ ਕਰਨ ਲਈ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਭਾਰਤੀ ਪਾਟਲੀਪੁੱਤਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੀ ਹੈ। ਉਸਨੇ ਦਾਅਵਾ ਕੀਤਾ ਹੈ ਕਿ ਮੀਡੀਆ ਨੇ ‘ਤੋੜ-ਮਰੋੜ ਕੇ ਕਲਿਪ’ ਚਲਾਇਆ ਅਤੇ ਕਿਹਾ ਕਿ ਉਸ ਦੀਆਂ ਟਿੱਪਣੀਆਂ ਚੋਣ ਬਾਂਡ ਯੋਜਨਾ ਦੀ ਜਾਂਚ ’ਤੇ ਕੇਂਦਰਿਤ ਸਨ। ਦੇਸ਼ ਵਿਚ ਵਿਕਾਸ ਕਾਰਜਾਂ ਲਈ ਮੋਦੀ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਦੁਨੀਆ ਵਿਚ ਸਾਰੇ ਡਿਜੀਟਲ ਲੈਣ-ਦੇਣ ਦਾ 45 ਫੀਸਦੀ ਲੈਣ-ਦੇਣ ਭਾਰਤ ਵਿਚ ਹੁੰਦਾ ਹੈ।


Rakesh

Content Editor

Related News