ਇੱਕ ਦਿਨ ਜ਼ਰੂਰ ਆਵੇਗਾ ਜਦੋਂ ਪੀਓਕੇ ਦੇ ਲੋਕ ਘਰ ਵਾਪਸ ਆਉਣਗੇ: ਰਾਜਨਾਥ ਸਿੰਘ

Tuesday, Jul 29, 2025 - 04:00 PM (IST)

ਇੱਕ ਦਿਨ ਜ਼ਰੂਰ ਆਵੇਗਾ ਜਦੋਂ ਪੀਓਕੇ ਦੇ ਲੋਕ ਘਰ ਵਾਪਸ ਆਉਣਗੇ: ਰਾਜਨਾਥ ਸਿੰਘ

ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਰਾਜ ਸਭਾ ਵਿਚ ਆਪ੍ਰੇਸ਼ਨ ਸਿੰਦੂਰ ਨੂੰ ਤਿੰਨਾਂ ਫੌਜਾਂ ਵਿਚਕਾਰ ਤਾਲਮੇਲ ਦੀ ਇੱਕ ਬੇਮਿਸਾਲ ਉਦਾਹਰਣ ਦੱਸਿਆ ਅਤੇ ਕਿਹਾ ਕਿ ਅੱਜ ਦਾ ਭਾਰਤ ਢੁਕਵਾਂ ਜਵਾਬ ਦੇਣ ਵਿੱਚ ਵਿਸ਼ਵਾਸ ਰੱਖਦਾ ਹੈ, ਬਰਦਾਸ਼ਤ ਕਰਨ ਵਿੱਚ ਨਹੀਂ। ਉਨ੍ਹਾਂ ਇਹ ਵੀ ਉਮੀਦ ਜਤਾਈ ਕਿ ਪੀਓਕੇ ਦੇ ਲੋਕ ਇੱਕ ਦਿਨ ਜ਼ਰੂਰ ਘਰ ਵਾਪਸ ਆਉਣਗੇ। ਰੱਖਿਆ ਮੰਤਰੀ ਨੇ ਪਾਕਿਸਤਾਨ ਨੂੰ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜੇਕਰ ਉਸ ਵੱਲੋਂ ਕੋਈ ਅੱਤਵਾਦੀ ਕਾਰਵਾਈ ਕੀਤੀ ਜਾਂਦੀ ਹੈ, ਤਾਂ ਆਪ੍ਰੇਸ਼ਨ ਸਿੰਦੂਰ ਨੂੰ ਮੁੜ ਸ਼ੁਰੂ ਕਰਨ ਵਿੱਚ ਕੋਈ ਦੇਰੀ ਨਹੀਂ ਕੀਤੀ ਜਾਵੇਗੀ।

ਸਿੰਘ ਨੇ ਰਾਜ ਸਭਾ ਵਿੱਚ "ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤ ਦੇ ਮਜ਼ਬੂਤ, ਸਫਲ ਅਤੇ ਫ਼ੈਸਲਾਕੁੰਨ 'ਆਪ੍ਰੇਸ਼ਨ ਸਿੰਦੂਰ'" 'ਤੇ ਇੱਕ ਵਿਸ਼ੇਸ਼ ਚਰਚਾ ਸ਼ੁਰੂ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਨੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ (ਡੀਜੀਐਮਓ) ਦੇ ਪੱਧਰ 'ਤੇ ਸੰਪਰਕ ਕੀਤਾ ਸੀ ਅਤੇ ਬੇਨਤੀ ਕੀਤੀ ਸੀ ਕਿ ਕਾਰਵਾਈ ਹੁਣ ਬੰਦ ਕੀਤੀ ਜਾਵੇ। ਮੈਂ ਸਦਨ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਇਸ ਕਾਰਵਾਈ ਦਾ ਉਦੇਸ਼ ਕਿਸੇ ਵੀ ਇਲਾਕੇ 'ਤੇ ਕਬਜ਼ਾ ਕਰਨਾ ਨਹੀਂ ਸੀ। ਇਸਦਾ ਉਦੇਸ਼ ਪਾਕਿਸਤਾਨ ਦੁਆਰਾ ਸਾਲਾਂ ਤੋਂ ਪਾਲਿਆ ਜਾ ਰਿਹਾ ਅੱਤਵਾਦ ਦੀ ਨਰਸਰੀ ਨੂੰ ਖਤਮ ਕਰਨਾ ਸੀ। ਉਨ੍ਹਾਂ ਲੋਕਾਂ ਨੂੰ ਇਨਸਾਫ਼ ਦੇਣਾ ਸੀ ਜਿਨ੍ਹਾਂ ਨੇ ਪਾਕਿ-ਪ੍ਰਯੋਜਿਤ ਪਹਿਲਗਾਮ ਹਮਲੇ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਸੀ। ਰੱਖਿਆ ਮੰਤਰੀ ਨੇ ਕਿਹਾ, "10 ਮਈ ਦੀ ਸਵੇਰੇ ਜਦੋਂ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਕਈ ਹਵਾਈ ਅੱਡਿਆਂ 'ਤੇ ਹਮਲਾ ਕੀਤਾ, ਤਾਂ ਪਾਕਿਸਤਾਨ ਨੇ ਹਾਰ ਮੰਨ ਲਈ ਅਤੇ ਟਕਰਾਅ ਨੂੰ ਰੋਕਣ ਦੀ ਪੇਸ਼ਕਸ਼ ਕੀਤੀ।" 

ਉਪਰਲੇ ਸਦਨ ਵਿੱਚ ਚਰਚਾ ਦੇ ਸ਼ੁਰੂ ਵਿੱਚ ਸਿੰਘ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਸ਼ਾਮਲ ਤਿੰਨ ਅੱਤਵਾਦੀਆਂ ਨੂੰ ਮਾਰਨ ਲਈ ਫੌਜ ਤੇ ਸੁਰੱਖਿਆ ਬਲਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਦੇਸ਼ ਦੇ ਰੱਖਿਆ ਬਲਾਂ ਦੀ ਜੋ ਭੂਮਿਕਾ ਰਹੀ, ਉਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਕਿ ਸੋਮਵਾਰ ਨੂੰ ਫੌਜ, ਸੀਆਰਪੀਐਫ ਤੇ ਜੰਮੂ-ਕਸ਼ਮੀਰ ਪੁਲਸ ਨੇ ਇੱਕ ਸਾਂਝਾ ਆਪ੍ਰੇਸ਼ਨ ਕੀਤਾ। ਇਸ ਆਪ੍ਰੇਸ਼ਨ ਵਿੱਚ ਮਾਰੇ ਗਏ ਅੱਤਵਾਦੀਆਂ ਤੋਂ ਬਰਾਮਦ ਹੋਏ ਹਥਿਆਰਾਂ ਦੀ ਫੋਰੈਂਸਿਕ ਜਾਂਚ ਕੀਤੀ ਗਈ, ਜਿਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਇਹ ਉਹੀ ਹਥਿਆਰ ਹਨ, ਜੋ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਵਰਤੇ ਗਏ ਸਨ। ਅਪ੍ਰੈਲ ਨੂੰ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ 26 ਨਿਰਦੋਸ਼ ਨਾਗਰਿਕਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ।

ਸਿੰਘ ਨੇ ਅੱਤਵਾਦੀਆਂ ਦਾ ਅਸਿੱਧੇ ਤੌਰ 'ਤੇ ਸਮਰਥਨ ਕਰਨ ਵਾਲਿਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅੱਜ ਨਾਗ ਪੰਚਮੀ ਹੈ। ਇਸ ਦਿਨ ਸੱਪਾਂ ਨੂੰ ਦੁੱਧ ਪਿਲਾਉਣਾ ਠੀਕ ਹੈ ਪਰ ਸੱਪਾਂ ਨੂੰ ਹਰ ਰੋਜ਼ ਦੁੱਧ ਨਹੀਂ ਪਿਲਾਇਆ ਜਾਂਦਾ। ਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਆਪ੍ਰੇਸ਼ਨ ਸਿੰਦੂਰ ਬੰਦ ਹੋ ਗਿਆ ਹੈ, ਇਹ ਖਤਮ ਨਹੀਂ ਹੋਇਆ ਹੈ ਅਤੇ ਜੇਕਰ ਪਾਕਿਸਤਾਨ ਦੁਬਾਰਾ ਕੋਈ ਨਾਪਾਕ ਕੰਮ ਕਰਦਾ ਹੈ ਤਾਂ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਇੱਕ ਦਿਨ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਜ਼ਰੂਰ ਭਾਰਤ ਦਾ ਹਿੱਸਾ ਬਣ ਜਾਵੇਗਾ। ਇੱਕ ਦਿਨ ਅਜਿਹਾ ਜ਼ਰੂਰ ਆਵੇਗਾ, ਜਦੋਂ ਪੀਓਕੇ ਦੇ ਲੋਕ ਭਾਰਤ ਦੀ ਲੋਕਤੰਤਰੀ ਪ੍ਰਣਾਲੀ ਅਤੇ ਸ਼ਾਸਨ ਦਾ ਹਿੱਸਾ ਹੋਣਗੇ। ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ, "ਵਿਰੋਧੀ ਧਿਰ ਦੇ ਲੋਕ ਪੁੱਛਦੇ ਹਨ ਕਿ ਕਿੰਨੇ ਜਹਾਜ਼ ਡੇਗੇ ਗਏ। ਮੈਨੂੰ ਲੱਗਦਾ ਹੈ ਕਿ ਇਹ ਸਵਾਲ ਰਾਸ਼ਟਰੀ ਭਾਵਨਾਵਾਂ ਨੂੰ ਸਹੀ ਢੰਗ ਨਾਲ ਨਹੀਂ ਦਰਸਾਉਂਦਾ।"

ਵਿਰੋਧੀ ਧਿਰ ਨੂੰ ਆਪਰੇਸ਼ਨ ਦੀ ਸਫਲਤਾ, ਦੁਸ਼ਮਣ ਫੌਜਾਂ ਨੂੰ ਹੋਏ ਨੁਕਸਾਨ ਅਤੇ ਅੱਤਵਾਦੀ ਢਾਂਚੇ ਨੂੰ ਹੋਏ ਨੁਕਸਾਨ ਬਾਰੇ ਸਵਾਲ ਪੁੱਛਣੇ ਚਾਹੀਦੇ ਸਨ। ਸਿੰਘ ਨੇ ਕਿਹਾ, "ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ, ਤਾਂ ਪੁੱਛੋ ਕਿ ਕੀ ਬਹਾਦਰ ਸੈਨਿਕਾਂ ਨੂੰ ਕੋਈ ਨੁਕਸਾਨ ਹੋਇਆ ਹੈ, ਤਾਂ ਜਵਾਬ 'ਨਹੀਂ' ਹੈ।" ਆਪਰੇਸ਼ਨ ਸਿੰਦੂਰ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ ਅਤੇ ਇਹ ਗਿਣਤੀ ਵੱਧ ਹੋ ਸਕਦੀ ਹੈ। ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਸੈਨਿਕਾਂ ਦਾ ਮਨੋਬਲ ਉੱਚਾ ਹੈ, ਉਨ੍ਹਾਂ ਦਾ ਇਰਾਦਾ ਦ੍ਰਿੜ ਹੈ। ਸਿੰਘ ਨੇ ਕਿਹਾ ਕਿ ਭਾਰਤ ਹਮੇਸ਼ਾ ਗੁਆਂਢੀ ਦੇਸ਼ਾਂ ਨਾਲ ਦੋਸਤੀ ਚਾਹੁੰਦਾ ਹੈ, ਪਰ ਪ੍ਰਧਾਨ ਮੰਤਰੀ ਮੋਦੀ ਅਤੇ ਸਰਕਾਰ ਦਾ ਸਟੈਂਡ ਸਪੱਸ਼ਟ ਹੈ ਕਿ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ। ਲੋਕਤੰਤਰੀ ਦੇਸ਼ਾਂ ਵਿੱਚ ਗੱਲਬਾਤ ਹੁੰਦੀ ਹੈ ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਕੀਤੀ ਜਾ ਸਕਦੀ ਜੋ ਅੱਤਵਾਦ ਅਤੇ ਭਾਰਤ ਵਿਰੁੱਧ ਨਫ਼ਰਤ ਦੇ ਆਧਾਰ 'ਤੇ ਮੌਜੂਦ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨ ਨੇ ਅੱਤਵਾਦ ਨੂੰ ਆਪਣੀ ਵਿਦੇਸ਼ ਨੀਤੀ ਅਤੇ ਰਾਜ ਨੀਤੀ ਦਾ ਹਥਿਆਰ ਬਣਾਇਆ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲਾ ਨਵਾਂ ਭਾਰਤ ਅੱਤਵਾਦ ਵਿਰੁੱਧ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਰੱਖਿਆ ਮੰਤਰੀ ਨੇ ਕਿਹਾ, "ਮੈਂ ਸਦਨ ਅਤੇ ਦੇਸ਼ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਰਕਾਰ, ਫੌਜ ਅਤੇ ਸੰਵਿਧਾਨਕ ਸੰਸਥਾਵਾਂ ਦੇਸ਼ ਦੀ ਰੱਖਿਆ ਅਤੇ ਅਖੰਡਤਾ ਲਈ ਜੋ ਵੀ ਜ਼ਰੂਰੀ ਕਦਮ ਚੁੱਕਣਗੀਆਂ।"

ਇਹ ਵੀ ਪੜ੍ਹੋ - ਹੋ ਗਿਆ ਛੁੱਟੀਆਂ ਦਾ ਐਲਾਨ: 16 ਤੋਂ 28 ਜੁਲਾਈ ਤੇ 2 ਤੋਂ 4 ਅਗਸਤ ਤੱਕ ਬੰਦ ਰਹਿਣਗੇ ਸਕੂਲ-ਕਾਲਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News