ਰੱਖਿਆ ਮੰਤਰੀ ਰਾਜਨਾਥ ਨੇ ਮੁੰਬਈ ’ਚ 2 ਸਵਦੇਸ਼ੀ ਜੰਗੀ ਬੇੜੇ ਪਾਣੀ ’ਚ ਉਤਾਰੇ
Wednesday, May 18, 2022 - 10:06 AM (IST)
ਮੁੰਬਈ (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਮੁੰਬਈ ਦੇ ਮਝਗਾਓਂ ਡੌਕ ਵਿਖੇ ਭਾਰਤੀ ਸਮੁੰਦਰੀ ਫੌਜ ਦੇ 2 ਸਵਦੇਸ਼ੀ ਫਰੰਟਲਾਈਨ ਜੰਗੀ ਬੇੜੇ ‘ਸੂਰਤ’ ਅਤੇ ‘ਉਦੈਗਿਰੀ’ ਨੂੰ ਪਾਣੀ ਵਿਚ ਉਤਾਰਿਆ। ਮਝਗਾਓਂ ਡੌਕ ਲਿਮਟਿਡ (ਐੱਮ. ਡੀ. ਐੱਲ.) ਨੇ ਇਕ ਬਿਆਨ ’ਚ ਕਿਹਾ ਕਿ ਪਹਿਲੀ ਵਾਰ 2 ਸਵਦੇਸ਼ੀ ਜੰਗੀ ਜਹਾਜ਼ਾਂ ਨੂੰ ਚਾਲੂ ਕੀਤਾ ਗਿਆ ਹੈ।
ਐੱਮ. ਡੀ. ਐੱਲ. ਇਕ ਜਨਤਕ ਖੇਤਰ ਦੀ ਰੱਖਿਆ ਕੰਪਨੀ ਹੈ, ਜੋ ਵੱਡੇ ਜਹਾਜ਼ਾਂ ਅਤੇ ਪਣਡੁੱਬੀਆਂ ਦਾ ਨਿਰਮਾਣ ਕਰਦੀ ਹੈ। ਸਮੁੰਦਰੀ ਫੌਜ ਨੇ ਦੱਸਿਆ ਕਿ ਜਹਾਜ਼ ‘ਸੂਰਤ’ ਪ੍ਰਾਜੈਕਟ 15ਬੀ ਪ੍ਰੋਗਰਾਮ ਤਹਿਤ ਬਣਨ ਵਾਲਾ ਚੌਥਾ ਅਤੇ ਆਖਰੀ ਵਿਨਾਸ਼ਕਾਰੀ ਬੇੜਾ ਹੈ, ਜਿਸ ਵਿਚ ਰਾਡਾਰ ਨੂੰ ਚਕਮਾ ਦੇਣ ਦੀ ਪ੍ਰਣਾਲੀ ਹੈ। ਇਹ ਪੀ15ਏ (ਕੋਲਕਾਤਾ ਸ਼੍ਰੇਣੀ) ਵਿਨਾਸ਼ਕਾਰੀ ਦੇ ਇਕ ਮਹੱਤਵਪੂਰਨ ਬਦਲਾਅ ਦੀ ਨਿਸ਼ਾਨਦੇਹੀ ਕਰਦਾ ਹੈ।
ਗੁਜਰਾਤ ਦੀ ਵਪਾਰਕ ਰਾਜਧਾਨੀ ਅਤੇ ਮੁੰਬਈ ਤੋਂ ਬਾਅਦ ਪੱਛਮੀ ਭਾਰਤ ਦੇ ਦੂਜੇ ਸਭ ਤੋਂ ਵੱਡੇ ਵਪਾਰਕ ਕੇਂਦਰ ਸੂਰਤ ਸ਼ਹਿਰ ਦੇ ਨਾਂ ’ਤੇ ਇਸ ਦਾ ਨਾਂ ਰੱਖਿਆ ਗਿਆ ਹੈ। ਪ੍ਰਾਜੈਕਟ 15ਬੀ ਸ਼੍ਰੇਣੀ ਦੇ ਜਹਾਜ਼ ਭਾਰਤੀ ਸਮੁੰਦਰੀ ਫੌਜ ਦੀ ਅਗਲੀ ਪੀੜ੍ਹੀ ਦੇ ਸਟੈਲਥ (ਰਾਡਾਰ ਨੂੰ ਚਕਮਾ ਦੇਣ ਵਿਚ ਸਮਰੱਥ) ਗਾਈਡਡ ਮਿਜ਼ਾਈਲ ਵਿਨਾਸ਼ਕ ਹਨ, ਜੋ ਮੁੰਬਈ ਵਿਚ ਮਝਗਾਓਂ ਡੌਕ ਲਿਮਟਿਡ ਵਿਖੇ ਬਣਾਏ ਜਾ ਰਹੇ ਹਨ। ਦੂਜਾ ਜਹਾਜ਼ ‘ਉਦੈਗਿਰੀ’ ‘ਪ੍ਰਾਜੈਕਟ 17ਏ’ ਫ੍ਰਿਗੇਟ ਪ੍ਰੋਗਰਾਮ ਦਾ ਹਿੱਸਾ ਹੈ। ਦੂਜਾ ਬੇੜਾ ‘ਉਦੈਗਿਰੀ’ ਦਾ ਨਾਂ ਆਂਧਰਾ ਪ੍ਰਦੇਸ਼ ਦੀ ਇਕ ਪਹਾੜੀ ਲੜੀ ਦੇ ਨਾਂ ’ਤੇ ਰੱਖਿਆ ਗਿਆ ਹੈ।