ਭਾਜਪਾ ਦੀ ਜਿੱਤ ਦੇ ਜਸ਼ਨਾਂ ’ਚ ਸ਼ਾਮਲ ਨਹੀਂ ਹੋਏ ਰਾਜਨਾਥ ਤੇ ਗਡਕਰੀ
Tuesday, Feb 11, 2025 - 05:21 PM (IST)
![ਭਾਜਪਾ ਦੀ ਜਿੱਤ ਦੇ ਜਸ਼ਨਾਂ ’ਚ ਸ਼ਾਮਲ ਨਹੀਂ ਹੋਏ ਰਾਜਨਾਥ ਤੇ ਗਡਕਰੀ](https://static.jagbani.com/multimedia/2025_2image_17_21_074172901bhui.jpg)
ਨੈਸ਼ਨਲ ਡੈਸਕ- ਪਿਛਲਾ ਸ਼ਨੀਵਾਰ ਭਾਜਪਾ ਲਈ ਇਕ ਇਤਿਹਾਸਕ ਦਿਨ ਸੀ ਜਦੋਂ ਉਸ ਨੇ 27 ਸਾਲਾਂ ਬਾਅਦ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ।
ਪਾਰਟੀ ਨੂੰ 2013, 2015 ਤੇ 2020 ਦੀਆਂ ਵਿਧਾਨ ਸਭਾ ਚੋਣਾਂ ’ਚ ਲਗਾਤਾਰ ਤਿੰਨ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇਕ ਖਾਸ ਦਿਨ ਸੀ, ਕਿਉਂਕਿ ਉਨ੍ਹਾਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਇਕੱਲਿਆਂ ਹੀ ਇਹ ਮੁਕਾਮ ਹਾਸਲ ਕੀਤਾ। ਉਨ੍ਹਾਂ ਆਪਣੇ ਲੰਬੇ ਭਾਸ਼ਣ ’ਚ ਵੀ ਇਹ ਗੱਲ ਸਪੱਸ਼ਟ ਕੀਤੀ ਸੀ।
ਮੋਦੀ ਨੇ ਸਟੇਜ ’ਤੇ ਬੈਠ ਕੇ ਜਿਸ ਤਰ੍ਹਾਂ ਪਾਰਟੀ ਵਰਕਰਾਂ ਨਾਲ ਗੱਲਬਾਤ ਕੀਤੀ, ਉਹ ਜੂਨੀਅਰ ਵਰਕਰਾਂ ਨਾਲ ਉਨ੍ਹਾਂ ਦੇ ਨਿੱਜੀ ਸਬੰਧ ਨੂੰ ਵੀ ਦਰਸਾਉਂਦਾ ਹੈ। ਇਹ ਉਨ੍ਹਾਂ ਤੇ ਭਾਜਪਾ ਲਈ ਵੀ ਨਿੱਜੀ ਮਾਣ ਵਾਲੀ ਗੱਲ ਸੀ।
ਆਮ ਤੌਰ ’ਤੇ ਹਰ ਵੱਡੀ ਚੋਣ ਤੋਂ ਬਾਅਦ ਆਯੋਜਿਤ ਹੋਣ ਵਾਲੇ ਸਮਾਗਮਾਂ ’ਚ ਭਾਜਪਾ ਦੇ ਸਾਰੇ ਸਾਬਕਾ ਪ੍ਰਧਾਨਾਂ ਦੇ ਮੌਜੂਦ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ । ਇਹ ਦ੍ਰਿਸ਼ ਭਾਜਪਾ ਹੈੱਡਕੁਆਰਟਰ ’ਚ ਵੇਖਿਆ ਜਾਂਦਾ ਹੈ।
ਰਾਜਨਾਥ ਸਿੰਘ ਤੇ ਨਿਤਿਨ ਗਡਕਰੀ ਨਾ ਸਿਰਫ਼ ਮੋਦੀ ਸਰਕਾਰ ’ਚ ਸੀਨੀਅਰ ਮੰਤਰੀ ਹਨ, ਸਗੋਂ ਉਹ ਭਾਜਪਾ ਦੇ ਸਾਬਕਾ ਪ੍ਰਧਾਨ ਵੀ ਹਨ। ਉਹ ਪਿਛਲੇ ਕਈ ਸਾਲਾਂ ਤੋਂ ਮੋਦੀ, ਅਮਿਤ ਸ਼ਾਹ ਤੇ ਜੇ.ਪੀ. ਨੱਡਾ ਨਾਲ ਸਟੇਜ ਸਾਂਝੀ ਕਰਦੇ ਰਹਿੰਦੇ ਹਨ, ਪਰ ਹੈਰਾਨੀ ਵਾਲੀ ਗੱਲ ਹੈ ਕਿ ਜਿੱਤ ਦੇ ਜਸ਼ਨ ਵਾਲੇ ਦਿਨ ਉਹ ਦੋਵੇਂ ਮੌਜੂਦ ਨਹੀਂ ਸਨ।
ਪਤਾ ਲੱਗਾ ਹੈ ਕਿ ਗਡਕਰੀ ਆਪਣੇ ਕਿਸੇ ਪ੍ਰੋਗਰਾਮ ਕਾਰਨ ਸ਼ਨੀਵਾਰ ਨਾਗਪੁਰ ’ਚ ਸਨ ਤੇ ਰੱਖਿਆ ਮੰਤਰੀ ਏਅਰ ਸ਼ੋਅ ਕਾਰਨ ਬੈਂਗਲੁਰੂ ਜਾ ਰਹੇ ਸਨ, ਹਾਲਾਂਕਿ ਇਹ ਸ਼ੋਅ ਸੋਮਵਾਰ ਨੂੰ ਸੀ।
ਸਟੇਜ ’ਤੇ ਸਿਰਫ਼ ਤਿੰਨ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਮੁਖੀ ਜੇ.ਪੀ. ਨੱਡਾ ਹੀ ਸਨ ।
ਬਾਅਦ ’ਚ ਮੋਦੀ ਨੇ ਭਵਿੱਖ ਦੀ ਰਣਨੀਤੀ ’ਤੇ ਚਰਚਾ ਕਰਨ ਲਈ ਸੀਨੀਅਰ ਪਾਰਟੀ ਨੇਤਾਵਾਂ ਨਾਲ ਮੀਟਿੰਗ ਕੀਤੀ। ਸਪਸ਼ਟ ਹੈ ਕਿ ਇਸ ਜਿੱਤ ਰਾਹੀਂ ਮੋਦੀ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਦਿੱਲੀ ਹੁਣ ਉਨ੍ਹਾਂ ਦੇ ਕੰਟਰੋਲ ਹੇਠ ਹੈ ਤੇ ਉਹ ਇਸ ਨੂੰ ਸਭ ਤੋਂ ਆਧੁਨਿਕ ਸ਼ਹਿਰ ਬਣਾ ਦੇਣਗੇ।