ਕੋਵਿਡ ਟੀਕਾਕਰਨ ਤੇ ਨੌਜਵਾਨਾਂ ਦੀ ਅਚਾਨਕ ਮੌਤ ਦਾ ਆਪਸ ’ਚ ਕੋਈ ਵਿਗਿਆਨਕ ਸਬੰਧ ਨਹੀਂ : ਏਮਸ

Sunday, Dec 14, 2025 - 09:51 PM (IST)

ਕੋਵਿਡ ਟੀਕਾਕਰਨ ਤੇ ਨੌਜਵਾਨਾਂ ਦੀ ਅਚਾਨਕ ਮੌਤ ਦਾ ਆਪਸ ’ਚ ਕੋਈ ਵਿਗਿਆਨਕ ਸਬੰਧ ਨਹੀਂ : ਏਮਸ

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਸਥਿਤ ਏਮਸ ਵਿਖੇ ਲਾਸ਼ਾਂ ਦੇ ਇਕ ਸਾਲ ਤਕ ਕੀਤੇ ਗਏ ਅਧਿਐਨ ਤੋਂ ਪਤਾ ਲਗਾ ਹੈ ਕੋਵਿਡ ਟੀਕਾਕਰਨ ਤੇ ਨੌਜਵਾਨਾਂ ਦੀਆਂ ਅਚਾਨਕ ਮੌਤਾਂ ਦਾ ਆਪਸ ’ਚ ਕੋਈ ਵਿਗਿਆਨਕ ਸਬੰਧ ਨਹੀਂ ਹੈ। ਇਹ ਅਧਿਐਨ ਕੋਵਿਡ ਟੀਕਿਆਂ ਦੀ ਸੁਰੱਖਿਆ ਦੀ ਪੁਸ਼ਟੀ ਕਰਦਾ ਹੈ।

ਅਧਿਐਨ ਅਨੁਸਾਰ ਨੌਜਵਾਨਾਂ ਦੀ ਅਚਾਨਕ ਮੌਤ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਲਈ ਨਿਸ਼ਾਨਾਬੱਧ ਜਨਤਕ ਸਿਹਤ ਰਣਨੀਤੀਆਂ ਦੀ ਲੋੜ ਹੈ। ਅਧਿਐਨ ’ਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਕੋਰੋਨਰੀ ਆਰਟਰੀ ਬੀਮਾਰੀ ਪ੍ਰਮੁੱਖ ਕਾਰਨ ਬਣੀ ਹੋਈ ਹੈ। ਸਾਹ ਤੇ ਅਣਜਾਣ ਕਾਰਨਾਂ ਕਰ ਕੇ ਹੋਈਆਂ ਮੌਤਾਂ ਦੇ ਕਾਰਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਅਧਿਐਨ ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਚ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ ਜੋ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦਾ ਪ੍ਰਮੁੱਖ ਰਸਾਲਾ ਹੈ।

ਇਸ ਖੋਜ ਦੌਰਾਨ ਮਾਹਿਰਾਂ ਦੀ ਇਕ ਬਹੁ-ਅਨੁਸ਼ਾਸਨੀ ਟੀਮ ਨੇ ਲਾਸ਼ਾਂ ਦੀ ਜਾਂਚ, ਪੋਸਟ-ਮਾਰਟਮ ਇਮੇਜਿੰਗ, ਰਵਾਇਤੀ ਪੋਸਟ-ਮਾਰਟਮ ਤੇ ਟਿਸ਼ੂ ਪੈਥਾਲੋਜੀ ਟੈਸਟਿੰਗ ਰਾਹੀਂ ਅਚਾਨਕ ਮੌਤਾਂ ਦੇ ਮਾਮਲਿਆਂ ਦਾ ਵਿਸਤ੍ਰਿਤ ਮੁਲਾਂਕਣ ਕੀਤਾ।

ਇਸ ਅਧਿਐਨ ’ਚ ਇਕ ਸਾਲ ਦੌਰਾਨ 18 ਤੋਂ 45 ਸਾਲ ਦੀ ਉਮਰ ਦੇ ਬਾਲਗਾਂ ਦੀਆਂ ਅਚਾਨਕ ਮੌਤਾਂ ਦੀ ਜਾਂਚ ਕੀਤੀ ਗਈ।


author

Rakesh

Content Editor

Related News