ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਯੰਤੀ ’ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ, PM ਮੋਦੀ ਨੇ ਵੀ ਕੀਤਾ ਯਾਦ
Friday, Aug 20, 2021 - 11:41 AM (IST)
ਨੈਸ਼ਨਲ ਡੈਸਕ– ਕਾਂਗਰਸ ਨੇਤਾ ਰਾਹੁਲ ਗਾਂਧੀ, ਗੁਲਾਮ ਨਬੀ ਆਜ਼ਾਦ ਅਤੇ ਅਧੀਰ ਰੰਜਨ ਚੌਧਰੀ ਨੇ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 77ਵੀਂ ਜਯੰਤੀ ’ਤੇ ਵੀਰਭੂਮੀ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਟਵੀਟ ਕੀਤਾ ਕਿ ਸਾਡੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਜੀ ਦੀ ਜਯੰਤੀ ’ਤੇ ਕੋਟਿ-ਕੋਟਿ ਨਮਨ।
ਕਾਂਗਰਸ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ’ਤੇ ਲਿਖਿਆ ਕਿ ਹਾਸ਼ੀਏ ’ਤੇ ਪਏ ਲੋਕਾਂ ਦਾ ਉਥਾਨ ਕਰਨਾ ਅਤੇ ਆਪਣੇ ਦੇਸ਼ ਨੂੰ ਗਰੀਬੀ ਦੇ ਦਰਦ ਤੋਂ ਮੁਕਤ ਕਰਨਾ ਸਾਡਾ ਸਮੂਹਿਕ ਕਰਤਵ ਹੈ। ਅਸੀਂ ਇਕੱਠੇ ਮਿਲ ਕੇ ਹੀ ਉਸ ਰਾਸ਼ਟਰ ਦਾ ਨਿਰਮਾਣ ਕਰ ਸਕਦੇ ਹਾਂ ਜੋ ਅਸੀਣ ਬਣਨਾ ਚਾਹੁੰਦੇ ਹਾਂ। ਯੂਥ ਕਾਂਗਰਸ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਰਾਜੀਵ ਗਾਂਧੀ ਜੀ ਹਮੇਸ਼ਾ ਭਾਰਤ ਨੂੰ 21ਵੀਂ ਸਦੀ ’ਚ ਲੈ ਕੇ ਜਾਣ ਦੀ ਗੱਲ ਕਰਦੇ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕੀ ਤਕਨੀਕ ਦੀ ਮਦਦ ਨਾਲ ਹੀ ਭਾਰਤ ਦਾ ਭਵਿੱਖ ਬਦਲਿਆ ਜਾ ਸਕਦਾ ਹੈ। ਉਨ੍ਹਾਂ ਨੇ ਹੀ ਭਾਰਤ ’ਚ ਕੰਪਿਊਟਰ ਕ੍ਰਾਂਤੀ ਅਤੇ ਸੰਚਾਰ ਕ੍ਰਾਂਤੀ ਦੀ ਨੀਂਹ ਰੱਖੀ।
ਭਾਰਤੀ ਯੁਵਾ ਕਾਂਗਰਸ (ਆਈ.ਵਾਈ.ਸੀ.) ਨੇ ਕਿਹਾ ਕਿ ਉਹ ਰਾਜੀਵ ਗਾਂਧੀ ਦੀ ਜਯੰਤੀ ਮੌਕੇ ਖੂਨ ਦਾਨ ਕੈਂਪ, ਖੇਡਾਂ ਅਤੇ ਸੱਭਿਆਚਾਰਕ ਤਿਉਹਾਰ ਸਮੇਤ ਕਈ ਪ੍ਰੋਗਰਾਮ ਆਯੋਜਿਤ ਕਰਨਗੇ। ਰਾਜੀਵ ਗਾਂਧੀ ਦਾ ਜਨਮ 20 ਅਗਸਤ 1944 ਨੂੰ ਹੋਇਆ ਸੀ ਅਤੇ ਉਹ 1984 ਤੋਂ 1989 ਤਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸਨ। ਸਨ 1991 ’ਚ ਇਕ ਚੋਣ ਮੁਹਿੰਮ ਦੌਰਾਨ ਲਿੱਟੇ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ। ਭਾਰਤ ਰਤਨ ਰਾਜੀਵ ਗਾਂਧੀ ਦੀ ਜਯੰਤੀ ਕਾਂਗਰਸ ਸਦਭਾਵਨਾ ਦਿਵਸ ਦੇ ਰੂਪ ’ਚ ਮਨਾਉਂਦੀ ਹੈ।