ਰਾਜਸਥਾਨ ''ਚ ਰਾਵਣ ਦਹਿਨ ਨੂੰ ਲੈ ਕੇ ਪਥਰਾਅ, ਅਣਮਿੱਥੇ ਸਮੇਂ ਲਈ ਲੱਗਾ ਕਰਫਿਊ
Wednesday, Oct 09, 2019 - 10:26 AM (IST)

ਜੈਪੁਰ (ਵਾਰਤਾ)— ਰਾਜਸਥਾਨ ਦੇ ਟੋਂਕ ਜ਼ਿਲੇ ਦੇ ਮਾਲਪੁਰਾ 'ਚ ਰਾਵਣ ਦਹਿਨ ਸਮੇਂ ਕੱਢੀ ਗਈ ਰਾਮ ਬਾਰਾਤ 'ਤੇ ਪਥਰਾਅ ਕੀਤੇ ਜਾਣ ਤੋਂ ਤਣਾਅ ਪੈਦਾ ਹੋ ਗਿਆ, ਜਿਸ ਕਾਰਨ ਬੁੱਧਵਾਰ ਸਵੇਰੇ 5 ਵਜੇ ਤੋਂ ਅਣਮਿੱਥੇ ਸਮੇਂ ਲਈ ਕਰਫਿਊ ਲਾ ਦਿੱਤਾ ਗਿਆ। ਟੋਂਕ ਜ਼ਿਲਾ ਕਲੈਕਟਰ ਕੇ. ਕੇ. ਸ਼ਰਮਾ ਨੇ ਕਰਫਿਊ ਦੇ ਹੁਕਮ ਜਾਰੀ ਕਰਦੇ ਹੋਏ ਇੰਟਰਨੈੱਟ ਸੇਵਾਵਾਂ 'ਤੇ ਵੀ 10 ਅਕਤੂਬਰ ਤਕ ਰੋਕ ਲਾ ਦਿੱਤੀ ਹੈ। ਇੱਥੇ ਦੱਸ ਦੇਈਏ ਕਿ ਮਾਲਪੁਰਾ 'ਚ ਕੱਲ ਭਾਵ ਮੰਗਲਵਾਰ ਨੂੰ ਰਾਵਣ ਦਹਿਨ ਦੇ ਸਮੇਂ ਕੱਢੀ ਗਈ ਰਾਮ ਬਾਰਾਤ 'ਤੇ ਇਕ ਭਾਈਚਾਰੇ ਦੇ ਲੋਕਾਂ ਵਲੋਂ ਪਥਰਾਅ ਕੀਤਾ ਅਤੇ ਉਹ ਰਾਵਣ ਦਾ ਪੁਤਲਾ ਵੀ ਸਾੜਨ ਨਹੀਂ ਦੇ ਰਹੇ ਸਨ।
ਇਸ ਤੋਂ ਬਾਅਦ ਦੋਹਾਂ ਪੱਖਾਂ ਵਿਚ ਗਰਮਾ-ਗਰਮੀ ਤੋਂ ਬਾਅਦ ਪਥਰਾਅ ਦੀ ਘਟਨਾ ਵਾਪਰੀ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਕੇ ਸਥਿਤੀ ਕੰਟਰੋਲ 'ਚ ਕੀਤੀ। ਘਟਨਾ ਤੋਂ ਬਾਅਦ ਖੇਤਰ ਵਿਚ ਵੱਡੀ ਗਿਣਤੀ 'ਚ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਬਾਅਦ ਵਿਚ ਪ੍ਰਸ਼ਾਸਨ ਦੀ ਨਿਗਰਾਨੀ 'ਚ ਅੱਜ ਸਵੇਰੇ 4 ਵਜੇ ਰਾਵਣ ਦਾ ਪੁਤਲਾ ਦਹਿਨ ਕੀਤਾ ਗਿਆ ਅਤੇ ਇਸ ਦੌਰਾਨ ਅਫੜਾ-ਦਫੜੀ ਮਚੀ ਰਹੀ। ਇਸ ਦਰਮਿਆਨ ਵਿਧਾਇਕ ਕਨਈਆ ਲਾਲ ਦੀ ਅਗਵਾਈ ਵਿਚ ਥਾਣੇ 'ਤੇ ਧਰਨਾ ਦਿੱਤਾ ਗਿਆ। ਘਟਨਾ ਤੋਂ ਬਾਅਦ ਕੁਝ ਲੋਕਾਂ ਨੇ ਪੁਰਾਣੇ ਦੰਗਿਆਂ ਦੀਆਂ ਤਸਵੀਰਾਂ ਵਟਸਐਪ 'ਤੇ ਸ਼ੇਅਰ ਕਰ ਕੇ ਤਣਾਅ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ।