ਰਾਜਾ ਮਾਨ ਸਿੰਘ ਕਤਲਕਾਂਡ : ਦੋਸ਼ੀ ਕਰਾਰ ਸਾਰੇ ਸਾਬਕਾ ਪੁਲਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ

Wednesday, Jul 22, 2020 - 05:34 PM (IST)

ਮਥੁਰਾ- ਰਾਜਸਥਾਨ ਦੇ ਭਰਤਪੁਰ ਰਾਜ ਘਰਾਨੇ ਦੇ ਰਾਜਾ ਮਾਨ ਸਿੰਘ ਅਤੇ ਉਨ੍ਹਾਂ ਦੇ 2 ਸਹਿਯੋਗੀਆਂ ਦਾ 35 ਸਾਲ ਪਹਿਲਾਂ ਡੀਗ ਇਲਾਕੇ 'ਚ ਹੋਏ ਕਤਲ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਗਏ ਸਾਰੇ 11 ਪੁਲਸ ਮੁਲਾਜ਼ਮਾਂ ਨੂੰ ਇੱਥੇ ਇਕ ਕੋਰਟ ਨੇ ਬੁੱਧਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਮਥੁਰਾ ਦੀ ਜ਼ਿਲ੍ਹਾ ਜੱਜ ਸਾਧਨਾ ਰਾਣੀ ਠਾਕੁਰ ਨੇ ਜਿਨ੍ਹਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਉਨ੍ਹਾਂ 'ਚ ਡੀਗ ਦੇ ਸਾਬਕਾ ਪੁਲਸ ਡਿਪਟੀ ਸੁਪਰਡੈਂਟ ਕਾਨ ਸਿੰਘ ਅਤੇ ਸਥਾਨਕ ਪੁਲਸ ਥਾਣੇ ਦੇ ਇੰਚਾਰਜ, ਸਬ ਇੰਸਪੈਕਟਰ ਵਿਰੇਂਦਰ ਸਿੰਘ ਸ਼ਾਮਲ ਹਨ। ਇਨ੍ਹਾਂ ਲੋਕਾਂ ਨੇ 21 ਫਰਵਰੀ 1985 'ਚ ਰਾਜਾ ਮਾਨਸਿੰਘ ਅਤੇ ਉਨ੍ਹਾਂ ਦੇ 2 ਸਹਿਯੋਗੀਆਂ ਸੁਮੇਰ ਸਿੰਘ ਅਤੇ ਹਰੀ ਸਿੰਘ ਨੂੰ ਮੁਕਾਬਲੇ 'ਚ ਮਾਰਨ ਵਾਲੇ ਪੁਲਸ ਦਲ ਦੀ ਅਗਵਾਈ ਕੀਤੀ ਸੀ। ਇਸ ਅਪਰਾਧ 'ਚ ਜਿਨ੍ਹਾਂ ਹੋਰ ਸਾਬਕਾ ਪੁਲਸ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ ਗਈ, ਉਨ੍ਹਾਂ 'ਚ ਸੁਖਰਾਮ, ਜੀਵਨ ਰਾਮ, ਜਗ ਮੋਹਨ, ਭੰਵਰ ਸਿੰਘ, ਹਰੀ ਸਿੰਘ, ਛਤਰ ਸਿੰਘ, ਸ਼ੇਰ ਸਿੰਘ, ਦਯਾ ਰਾਮ ਅਤੇ ਰਵੀ ਸ਼ੇਖਰ ਸ਼ਾਮਲ ਹਨ। 

ਇਹ ਵੀ ਪੜ੍ਹੋ : ਰਾਜਾ ਮਾਨਸਿੰਘ ਕਤਲ ਕਾਂਡ : 11 ਪੁਲਸ ਮੁਲਾਜ਼ਮ ਦੋਸ਼ੀ ਕਰਾਰ, ਬੁੱਧਵਾਰ ਨੂੰ ਹੋਵੇਗਾ ਸਜ਼ਾ ਦਾ ਐਲਾਨ

ਇਹ ਮੁਕਾਬਲਾ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਵਿਧਾਨ ਸਭਾ ਦੀ ਚੋਣ ਲੜ ਰਹੇ ਰਾਜਾ ਮਾਨ ਸਿੰਘ ਵਲੋਂ ਕਥਿਤ ਤੌਰ 'ਤੇ ਆਪਣੀ ਜੀਪ ਨਾਲ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਸ਼ਿਵ ਚਰਨ ਮਾਥੁਰ ਦੇ ਹੈਲੀਕਾਪਟਰ 'ਚ ਕਥਿਤ ਤੌਰ 'ਤੇ ਟੱਕਰ ਮਾਰਨ ਦੇ ਇਕ ਦਿਨ ਬਾਅਦ ਡੀਗ ਅਨਾਜ ਮੰਡੀ 'ਚ ਹੋਈ ਸੀ। ਇਸਤਗਾਸਾ ਪੱਖ ਅਨੁਸਾਰ ਉਨ੍ਹਾਂ 'ਤੇ ਪ੍ਰਚਾਰ ਸਮੱਗਰੀ ਅਤੇ ਕਾਂਗਰਸ ਉਮੀਦਵਾਰ ਦੇ ਪ੍ਰਚਾਰ 'ਚ ਮਾਥੁਰ ਵਲੋਂ ਭਾਸ਼ਣ ਦੇਣ ਲਈ ਤਿਆਰ ਮੰਚ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਦੋਸ਼ ਸੀ। ਇਸਤਗਾਸਾ ਪੱਖ ਨੇ ਕੋਰਟ ਨੂੰ ਦੱਸਿਆ ਕਿ ਮਾਥੁਰ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਬ੍ਰਜੇਂਦਰ ਸਿੰਘ ਦੇ ਪੱਖ 'ਚ ਚੋਣਾਵੀ ਰੈਲੀ ਨੂੰ ਸੰਬੋਧਨ ਕਰਨ ਗਏ ਸਨ। ਰਾਜਾ ਮਾਨ ਸਿੰਘ ਅਤੇ ਉਨ੍ਹਾਂ ਦੇ 2 ਸਹਿਯੋਗੀਆਂ ਦੇ ਕਤਲ ਦੇ ਕੁਝ ਦਿਨ ਬਾਅਦ 27 ਫਰਵਰੀ 1985 ਨੂੰ ਉਸ ਵੇਲੇ ਦੀ ਕੇਂਦਰ ਸਰਕਾਰ ਨੇ ਇਹ ਮਾਮਲਾ ਸੀ.ਬੀ.ਆਈ. ਨੂੰ ਸੌਂਪ ਦਿੱਤਾ। ਸੁਪਰੀਮ ਕੋਰਟ ਨੇ ਮਾਨ ਸਿੰਘ ਦੇ ਜਵਾਈ ਅਤੇ ਸ਼ਿਕਾਇਤਕਰਤਾ ਵਿਜੇ ਸਿੰਘ ਦੀ ਪਟੀਸ਼ਨ 'ਤੇ ਨਵੰਬਰ 1989 'ਚ ਮੁਕੱਦਮੇ ਦੀ ਸੁਣਵਾਈ ਜੈਪੁਰ ਦੀ ਵਿਸ਼ੇਸ਼ ਕੋਰਟ ਤੋਂ ਉੱਤਰ ਪ੍ਰਦੇਸ਼ ਦੇ ਮਥੁਰਾ ਟਰਾਂਸਫਰ ਕਰ ਦਿੱਤੀ ਸੀ।


DIsha

Content Editor

Related News