ਰਾਜਸਥਾਨ 'ਚ ਸਿਆਸੀ 'ਕਲੇਸ਼': ਰਾਹੁਲ-ਪ੍ਰਿਅੰਕਾ ਨਾਲ ਗੱਲ ਮਗਰੋਂ ਪਾਇਲਟ ਨੇ ਰੱਖੀਆਂ 4 ਸ਼ਰਤਾਂ
Monday, Jul 13, 2020 - 04:11 PM (IST)
ਜੈਪੁਰ— ਰਾਜਸਥਾਨ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਰਕਾਰ ਦੇ ਸਪੱਸ਼ਟ ਬਹੁਮਤ ਹੋਣ ਦੇ ਦਾਅਵੇ ਦਰਮਿਆਨ ਕਾਂਗਰਸ ਦੇ ਅਸੰਤੁਸ਼ਟ ਨੇਤਾ ਸਚਿਨ ਪਾਇਲਟ ਨਾਲ ਸੁਲਹਾ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਮੁੱਖ ਮੰਤਰੀ ਨਿਵਾਸ 'ਤੇ ਅੱਜ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਗਹਿਲੋਤ ਨੇ ਜਿੱਤ ਦਾ ਚਿੰਨ੍ਹ ਦਿਖਾਉਂਦੇ ਹੋਏ 109 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕੀਤਾ। ਬੈਠਕ 'ਚ 106 ਵਿਧਾਇਕ ਆਏ ਸਨ। ਕਰੀਬ ਦੋ ਘੰਟੇ ਚੱਲੀ ਬੈਠਕ ਤੋਂ ਬਾਅਦ ਵਿਧਾਇਕਾਂ ਨੂੰ ਬੱਸਾਂ ਜ਼ਰੀਏ ਹੋਟਲ ਲਿਜਾਇਆ ਗਿਆ। ਗਹਿਲੋਤ ਵੀ ਬੱਸ ਵਿਚ ਉਨ੍ਹਾਂ ਦੇ ਨਾਲ ਸਨ। ਇਸ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧਈ ਨੇ ਮੋਰਚਾ ਸੰਭਾਲਦੇ ਹੋਏ ਪਾਇਲਟ ਅਤੇ ਗਹਿਲੋਤ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ: ਮੀਡੀਆ ਸਾਹਮਣੇ ਅਸ਼ੋਕ ਗਹਿਲੋਤ ਦਾ 'ਸ਼ਕਤੀ ਪ੍ਰਦਰਸ਼ਨ', 102 ਵਿਧਾਇਕ ਹੋਣ ਦਾ ਕੀਤਾ ਦਾਅਵਾ
ਦੱਸਿਆ ਜਾ ਰਿਹਾ ਹੈ ਕਿ ਪਾਇਲਟ ਨੇ 4 ਸ਼ਰਤਾਂ ਰੱਖੀਆਂ ਹਨ, ਜਿਨ੍ਹਾਂ 'ਚ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਦਾ ਅਹੁਦਾ ਬਰਕਰਾਰ ਰੱਖਣ ਤੋਂ ਇਲਾਵਾ ਗ੍ਰਹਿ ਅਤੇ ਵਿੱਤ ਮਹਿਕਮੇ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਆਪਣੇ ਨਾਲ 25 ਵਿਧਾਇਕਾਂ ਹੋਣ ਦਾ ਦਾਅਵਾ ਕੀਤਾ ਹੈ। ਮੁੱਖ ਮੰਤਰੀ ਗਹਿਲੋਤ ਕੋਲ ਸਪੱਸ਼ਟ ਬਹੁਮਤ ਹੋਣ ਤੋਂ ਬਾਅਦ ਵੀ ਸਿਆਸੀ ਘਟਨਾਕ੍ਰਮ ਹੋਰ ਚੱਲ ਸਕਦਾ ਹੈ। ਲਿਹਾਜ਼ਾ ਵਿਧਾਇਕਾਂ ਨੂੰ ਹੋਟਲ ਵਿਚ ਠਹਿਰਾਇਆ ਗਿਆ ਹੈ।
ਇਹ ਵੀ ਪੜ੍ਹੋ: CM ਗਹਿਲੋਤ ਦੇ ਕਰੀਬੀਆਂ 'ਤੇ ਦਿੱਲੀ ਤੋਂ ਰਾਜਸਥਾਨ ਤੱਕ ਇਨਕਮ ਟੈਕਸ ਤੋਂ ਬਾਅਦ ED ਦੀ ਛਾਪੇਮਾਰੀ
ਭਾਜਪਾ ਵਲੋਂ ਹੁਣ ਤੱਕ ਸਰਕਾਰ ਡਿਗਾਉਣ ਦੀਆਂ ਕੋਸ਼ਿਸ਼ਾਂ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਪਰ ਅੱਜ ਆਮਦਨ ਟੈਕਸ ਮਹਿਕਮੇ ਦੇ ਗਹਿਲੋਤ ਦੇ ਦੋ ਨੇੜਲੇ ਨੇਤਾਵਾਂ ਦੇ ਇੱਥੇ ਛਾਪੇਮਾਰੀ ਤੋਂ ਇਹ ਕਿਆਸ ਲਾਇਆ ਜਾ ਰਿਹਾ ਹੈ ਕਿ ਭਾਜਪਾ ਵੀ ਕਿਤੇ ਨਾ ਕਿਤੇ ਇਸ ਘਟਨਾਕ੍ਰਮ 'ਚ ਜੁੜੀ ਹੋਈ ਹੈ। ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੋਸ਼ ਲਾਇਆ ਕਿ ਆਮਦਨ ਟੈਕਸ ਮਹਿਕਮਾ, ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੀ. ਬੀ. ਆਈ. ਭਾਜਪਾ ਦੇ ਮੋਹਰੀ ਸੰਗਠਨ ਹਨ ਅਤੇ ਆਮਦਨ ਟੈਕਸ ਮਹਿਕਮਾ ਦੀ ਕਾਰਵਾਈ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਨੇ ਪਾਇਲਟ ਸਮੇਤ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਅਪੀਲ ਕੀਤੀ ਹੈ ਕਿ ਗੱਲਬਾਤ ਲਈ ਉਨ੍ਹਾਂ ਦੇ ਦਰਵਾਜ਼ੇ ਖੁੱਲ੍ਹੇ ਹਨ। ਉਸ ਤੋਂ ਬਾਅਦ ਹੀ ਪਾਇਲਟ ਨਾਲ ਸੁਲਹਾ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।