ਜਬਰ-ਜ਼ਨਾਹ ਦੇ ਦੋਸ਼ੀ ਦਾਤੀ ਮਹਾਰਾਜ ਦੇ ਆਸ਼ਰਮ ''ਚ ਕਈ ਤਰ੍ਹਾਂ ਦੀਆਂ ਬੇਨਿਯਮੀਆਂ
Saturday, Jun 23, 2018 - 01:31 AM (IST)

ਜੈਪੁਰ— ਰਾਜਸਥਾਨ ਸੂਬਾ ਮਹਿਲਾ ਕਮਿਸ਼ਨ ਨੇ ਜਬਰ-ਜ਼ਨਾਹ ਦੇ ਦੋਸ਼ੀ ਦਾਤੀ ਮਹਾਰਾਜ ਦੇ ਪਾਲੀ ਜ਼ਿਲੇ ਦੇ ਆਲਾਵਾਸ ਸਥਿਤ ਆਸ਼ਰਮ ਵਿਚ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਪਾਏ ਜਾਣ 'ਤੇ ਪਾਲੀ ਪੁਲਸ ਕਮਿਸ਼ਨਰ ਨੂੰ ਆਸ਼ਰਮ ਵਿਚ ਰਹਿ ਰਹੀਆਂ ਲੜਕੀਆਂ ਦੀ ਸੁਰੱਖਿਆ ਕਰਨ ਲਈ ਚਿੱਠੀ ਲਿਖੀ ਹੈ।
ਕਮਿਸ਼ਨ ਨੇ ਪਾਲੀ ਪੁਲਸ ਕਮਿਸ਼ਨਰ ਨੂੰ ਲਿਖੀ ਚਿੱਠੀ ਵਿਚ ਦਾਤੀ ਦੇ ਆਸ਼ਰਮ ਵਿਚ ਰਹਿ ਰਹੀਆਂ ਲੜਕੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਿਹਾ ਹੈ। ਕਮਿਸ਼ਨ ਦੇ 2 ਮੈਂਬਰਾਂ ਅਤੇ ਇਕ ਨਿਆਇਕ ਅਧਿਕਾਰੀ ਦੀ 3 ਮੈਂਬਰੀ ਟੀਮ ਨੇ ਵੀਰਵਾਰ ਨੂੰ ਦਾਤੀ ਮਹਾਰਾਜ ਦੇ ਆਸ਼ਰਮ ਦਾ ਦੌਰਾ ਕਰਕੇ ਉਸ ਵਿਚ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਪਾਈਆਂ ਹਨ। ਰਾਜਸਥਾਨ ਸੂਬਾ ਮਹਿਲਾ ਕਮਿਸ਼ਨ ਦੀ ਪ੍ਰਧਾਨ ਸੁਮਨ ਸ਼ਰਮਾ ਨੇ ਦੱਸਿਆ ਕਿ ਆਸ਼ਰਮ ਦੇ ਅਧਿਕਾਰੀਆਂ ਨੇ ਕਮਿਸ਼ਨ ਦੀ ਟੀਮ ਦਾ ਸਹਿਯੋਗ ਨਹੀਂ ਕੀਤਾ ਅਤੇ ਮੰਗੇ ਗਏ ਦਸਤਾਵੇਜ਼ਾਂ ਨੂੰ ਪੇਸ਼ ਕਰਨ ਵਿਚ ਅਸਫਲ ਰਹੇ। ਉਨ੍ਹਾਂ ਦੱਸਿਆ ਕਿ ਆਸ਼ਰਮ ਦੇ ਅਧਿਕਾਰੀ ਹੋਸਟਲ ਅਤੇ ਸਿੱਖਿਅਕ ਸੰਸਥਾਨ ਚਲਾਉਣ ਲਈ ਜ਼ਰੂਰੀ ਸਰਟੀਫਿਕੇਟ (ਐੱਨ. ਓ. ਸੀ.) ਨਹੀਂ ਦਿਖਾ ਸਕੇ, ਇਸ ਲਈ ਜ਼ਿਲਾ ਕਲੈਕਟਰ ਨੂੰ ਇਸ ਸਬੰਧ ਵਿਚ ਜਾਂਚ ਕਰਕੇ ਆਪਣੀ ਰਿਪੋਰਟ 10 ਦਿਨ ਵਿਚ ਪੇਸ਼ ਕਰਨ ਨੂੰ ਕਿਹਾ ਗਿਆ ਹੈ।