ਰਾਜਸਥਾਨ ''ਚ ਭਾਰਤ-ਪਾਕਿ ਸਰਹੱਦ ''ਤੇ BSF ਨੇ 2 ਪਾਕਿਸਤਾਨੀ ਘੁਸਪੈਠੀਏ ਕੀਤੇ ਢੇਰ

Wednesday, Sep 09, 2020 - 11:53 AM (IST)

ਰਾਜਸਥਾਨ ''ਚ ਭਾਰਤ-ਪਾਕਿ ਸਰਹੱਦ ''ਤੇ BSF ਨੇ 2 ਪਾਕਿਸਤਾਨੀ ਘੁਸਪੈਠੀਏ ਕੀਤੇ ਢੇਰ

ਸ਼੍ਰੀਗੰਗਾਨਗਰ- ਰਾਜਸਥਾਨ 'ਚ ਸਰਹੱਦੀ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਗਜਸਿੰਘਪੁਰ ਥਾਣਾ ਖੇਤਰ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਮੰਗਲਵਾਰ ਰਾਤ ਸਰਹੱਦ ਪਾਰ ਤੋਂ ਆਏ 2 ਘੁਸਪੈਠੀਆਂ ਨੂੰ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਮਾਰ ਸੁੱਟਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਬੀ.ਐੱਸ.ਐੱਫ. ਦੀ ਖਿਆਲੀਵਾਲਾ ਪੋਸਟ ਨੇੜੇ ਦੇਰ ਰਾਤ ਕਰੀਬ 11.45 ਵਜੇ ਜਵਾਨਾਂ ਨੂੰ ਸਰਹੱਦ 'ਤੇ ਤਾਰਬੰਦੀ ਕੋਲ ਹੱਲਚੱਲ ਦਿਖਾਈ ਦਿੱਤੀ। ਬੀ.ਐੱਸ.ਐੱਫ. ਜਵਾਨਾਂ ਵਲੋਂ ਲਲਕਾਰੇ ਜਾਣ 'ਤੇ 2 ਸ਼ੱਕੀ ਵਿਅਕਤੀ ਤਾਰਬੰਦੀ ਕੋਲ ਕੋਈ ਵਸਤੂ ਸੁੱਟ ਕੇ ਵਾਪਸ ਪਾਕਿਸਤਾਨ ਸਰਹੱਦ ਵੱਲ ਦੌੜਨ ਲੱਗੇ। ਇਸ 'ਤੇ ਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਨਾਲ ਦੋਵੇਂ ਸ਼ੱਕੀ ਵਿਅਕਤੀ ਮੌਕੇ 'ਤੇ ਮਾਰੇ ਗਏ। ਪੁਲਸ ਸੂਤਰਾਂ ਅਨੁਸਾਰ ਇਨ੍ਹਾਂ ਸ਼ੱਕੀ ਵਿਅਕਤੀਆਂ ਵਲੋਂ ਤਾਰਬੰਦੀ 'ਤੇ ਸੁੱਟੇ ਗਏ ਪੀਲੇ ਰੰਗ ਦੇ 10 ਪੈਕੇਟ ਮਿਲੇ ਹਨ। ਇਨ੍ਹਾਂ 'ਚੋਂ 8 ਪੈਕੇਟ ਤਾਰਬੰਦੀ ਦੇ ਇਸ ਵੱਲ ਭਾਰਤੀ ਖੇਤਰ 'ਚ ਅਤੇ 2 ਪੈਕੇਟ ਤਾਰਬੰਦੀ ਦੇ ਉਸ ਪਾਰ ਜ਼ੀਰੋ ਲਾਈਨ ਤੋਂ ਪਹਿਲਾਂ ਭਾਰਤੀ ਖੇਤਰ 'ਚ ਹੀ ਪਏ ਮਿਲੇ। ਇਨ੍ਹਾਂ 2 ਪੈਕੇਟਾਂ ਕੋਲ ਹੀ ਦੋਵੇਂ ਘੁਸਪੈਠੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਲਾਸ਼ਾਂ ਤੋਂ 2 ਲੋਡੇਡ ਪਿਸਤੌਲਾਂ ਅਤੇ 2 ਮੈਗਜੀਨ ਕਾਰਤੂਸ ਨਾਲ ਭਰੀਆਂ ਹੋਈਆਂ ਬਰਾਮਦ ਹੋਈਆਂ ਹਨ। ਪੁਲਸ ਨੇ ਦੱਸਿਆ ਕਿ ਮ੍ਰਿਤਕ ਘੁਸਪੈਠੀਏ ਕਰੀਬ 30 ਸਾਲ ਦੇ ਸਨ। ਪੀਲੇ ਰੰਗ ਦੇ ਪਲਾਸਟਿਕ ਨਾਲ ਲਿਪਟੇ ਹੋਏ ਪੈਕੇਟਾਂ 'ਚ 10 ਕਿਲੋ ਹੈਰੋਇਨ ਹੋਣ ਦੀ ਸੰਭਾਵਨਾ ਹੈ, ਜਿਸ ਦੀ ਕੌਮਾਂਤਰੀ ਬਜ਼ਾਰ 'ਚ ਕੀਮਤ ਕਰੋੜਾਂ 'ਚ ਹੈ। ਬੀ.ਐੱਸ.ਐੱਫ. ਵਲੋਂ ਇਸ ਘਟਨਾ ਦੀ ਸੂਚਨਾ ਬੁੱਧਵਾਰ ਤੜਕੇ ਕਰੀਬ 3 ਵਜੇ ਸਥਾਨਕ ਪੁਲਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ।

ਸ਼੍ਰੀਕਰਨਪੁਰ ਸੈਕਟਰ 'ਚ ਤਾਇਨਾਤ ਬੀ.ਐੱਸ.ਐੱਫ. ਬਟਾਲੀਅਨ ਦੇ ਕਮਾਂਡੈਂਟ ਅਤੇ ਸ਼੍ਰੀਗੰਗਾਨਗਰ ਤੋਂ ਬੀ.ਐੱਸ.ਐੱਫ. ਦੇ ਡੀ.ਆਈ.ਜੀ. ਸਮੇਤ ਕਈ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਸੂਤਰਾਂ ਨੇ ਦੱਸਿਆ ਕਿ ਮਾਰੇ ਗਏ ਦੋਵੇਂ ਪਾਕਿਸਤਾਨੀ ਘੁਸਪੈਠੀਆਂ ਦੇ ਹੈਰੋਇਨ ਤਸਕਰ ਹੋਣ ਦੀ ਸੰਭਾਵਨਾ ਹੈ। ਬੀ.ਐੱਸ.ਐੱਫ. ਦੇ ਸੀਨੀਅਰ ਅਧਿਕਾਰੀ ਹਾਦਸੇ ਵਾਲੀ ਜਗ੍ਹਾ ਪਹੁੰਚ ਗਏ ਹਨ। ਸੂਤਰਾਂ ਅਨੁਸਾਰ ਇਹ ਪੈਕੇਟ ਲੈਣ ਲਈ ਭਾਰਤੀ ਖੇਤਰ ਵਲੋਂ ਤਾਰਬੰਦੀ ਨੇੜੇ ਕੁਝ ਸ਼ੱਕੀ ਵਿਅਕਤੀਆਂ ਦੇ ਆਉਣ ਦੀ ਸੂਚਨਾ ਹੈ। ਇਨ੍ਹਾਂ ਸ਼ੱਕੀਆਂ ਨੂੰ ਫੜਨ ਲਈ ਇਸ ਪੂਰੇ ਖੇਤਰ 'ਚ ਬੀ.ਐੱਸ.ਐੱਫ. ਅਤੇ ਪੁਲਸ ਵਲੋਂ ਸਾਂਝੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਨਜ਼ਦੀਕੀ ਪਿੰਡ 'ਚ ਪਿਛਲੇ ਇਕ-2 ਦਿਨਾਂ 'ਚ ਆਏ ਬਾਹਰੀ ਵਿਅਕਤੀਆਂ ਬਾਰੇ ਸੂਚਨਾਵਾਂ ਜੁਟਾਈਆਂ ਜਾ ਰਹੀਆਂ ਹਨ। ਪੋਸਟਮਾਰਟਮ ਕਰਨ ਲਈ ਡਾਕਟਰਾਂ ਨੂੰ ਮੌਕੇ 'ਤੇ ਹੀ ਬੁਲਾਇਆ ਗਿਆ ਹੈ। ਸ਼੍ਰੀਗੰਗਾਨਗਰ ਜ਼ਿਲ੍ਹੇ ਨਾਲ ਲੱਗਦੀ ਕੌਮਾਂਤਰੀ ਸਰਹੱਦ 'ਤੇ ਇਕ ਲੰਬੇ ਸਮੇਂ ਬਾਅਦ ਪਾਕਿਸਤਾਨ ਵਲੋਂ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਲੋਂ ਹੈਰੋਇਨ ਖੇਤ ਲੈ ਕੇ ਆਉਣ ਅਤੇ ਉਨ੍ਹਾਂ ਨੂੰ ਬੀ.ਐੱਸ.ਐੱਫ. ਵਲੋਂ ਢੇਰ ਕਰ ਦਿੱਤੇ ਜਾਣ ਦੀ ਇਹ ਘਟਨਾ ਕਾਫ਼ੀ ਲੰਬੇ ਸਮੇਂ ਬਾਅਦ ਹੋਈ ਹੈ।


author

DIsha

Content Editor

Related News