ਦੋ ਸੂਬਿਆਂ ’ਚ ਬਚੀ ਕਾਂਗਰਸ ’ਤੇ ਨੌਕਰਸ਼ਾਹੀ ਹਾਵੀ, ਨੇਤਾਵਾਂ ਦਾ ਪਾਰਟੀ ਤੋਂ ਮੋਹ ਭੰਗ

Sunday, May 29, 2022 - 10:22 AM (IST)

ਦੋ ਸੂਬਿਆਂ ’ਚ ਬਚੀ ਕਾਂਗਰਸ ’ਤੇ ਨੌਕਰਸ਼ਾਹੀ ਹਾਵੀ, ਨੇਤਾਵਾਂ ਦਾ ਪਾਰਟੀ ਤੋਂ ਮੋਹ ਭੰਗ

ਨੈਸ਼ਨਲ ਡੈਸਕ- ਪੰਜਾਬ ਹੱਥੋਂ ਖਿਸਕਣ ਤੋਂ ਬਾਅਦ ਦੇਸ਼ ਦੇ ਸੂਬਿਆਂ ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਕਾਂਗਰਸ ਦੀ ਸਰਕਾਰ ਬਚੀ ਹੈ। ਦੋਨੋਂ ਸੂਬਿਆਂ ਵਿਚ ਦੋ ਧੜਿਆਂ ਵਿਚ ਵੰਡੀ ਕਾਂਗਰਸ ਦਾ ਇਕ ਧੜਾ ਨੌਕਰਸ਼ਾਹੀ ਦੇ ਖ਼ਿਲਾਫ ਉਠ ਖੜ੍ਹਾ ਹੋਇਆ ਹੈ। ਕੁਝ ਦਿਨ ਪਹਿਲਾਂ ਛੱਤੀਸਗੜ੍ਹ ਵਿਚ ਜਿਥੇ ਮਾਲੀਆ ਅਤੇ ਆਫ਼ਤ ਪ੍ਰਸ਼ਾਸਨ ਮੰਤਰੀ ਜੈ ਸਿੰਘ ਅਗਰਵਾਲ ਨੇ ਕੋਰਬਾ ਕਲੈਕਟਰ ਰਾਨੂ ਸਾਹੂ ’ਤੇ ਖਣਿਜ ਟਰੱਸਟ ਆਈਟਮ (ਡੀ. ਐੱਸ. ਐੱਫ.) ਵਿਚ ਗੜਬੜੀ ਕਰਨ ਅਤੇ ਕਮਿਸ਼ਨਖੋਰੀ ਦਾ ਦੋਸ਼ ਲਗਾਇਆ ਸੀ, ਉਥੇ ਹੁਣ ਰਾਜਸਥਾਨ ਸਰਕਾਰ ਵਿਚ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਅਸ਼ੋਕ ਚੰਦਨਾ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਪ੍ਰਧਾਨ ਸਕੱਤਰ ਕੁਲਦੀਪ ਰੰਕਾਜੀ ’ਤੇ ਨਿਸ਼ਾਨਾ ਵਿੰਨ੍ਹਿਆ ਹੈ।

ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਕਿ ਮੇਰੇ ਸਾਰੇ ਵਿਭਾਗਾਂ ਦਾ ਚਾਰਜ ਕੁਲਦੀਪ ਰੰਕਾਜੀ ਨੂੰ ਦੇ ਦਿਓ। ਗੱਲ ਸਾਫ਼ ਹੈ ਕਿ ਦੋਨੋਂ ਸੂਬਿਆਂ ਵਿਚ ਸੱਤਾ ਵਿਚ ਬੈਠੇ ਨੇਤਾ ਅਤੇ ਨੌਕਰਸ਼ਾਹੀ ਆਹਮੋ-ਸਾਹਮਣੇ ਹਨ। ਨੌਕਰਸ਼ਾਹਾਂ ਨਾਲ ਟਕਰਾਅ ਦੀ ਸਥਿਤੀ ਵਿਚ ਨੇਤਾਵਾਂ ਦਾ ਹੁਣ ਕਾਂਗਰਸ ਤੋਂ ਮੋਹ ਭੰਗ ਹੋਣ ਲੱਗਾ ਹੈ।

ਇਹ ਵੀ ਪੜ੍ਹੋ: ਪਿਛਲੇ 8 ਸਾਲਾਂ ’ਚ ਦੇਸ਼ ਦੀ ਸੇਵਾ ਕਰਨ ’ਚ ਕੋਈ ਕਸਰ ਨਹੀਂ ਛੱਡੀ: PM ਮੋਦੀ

ਇਸ ਲਈ ਹੋਈ ਸਰਕਾਰ ਦੀ ਆਲੋਚਨਾ-
ਹਾਲਾਂਕਿ ਅਸ਼ੋਕ ਗਹਿਲੋਤ ਦੇ ਕਰੀਬੀ ਸੂਤਰਾਂ ਦਾ ਮੰਨਣਾ ਹੈ ਕਿ ਇਹ ਵਿਧਾਇਕ ਆਪਣੇ-ਆਪਣੇ ਖੇਤਰਾਂ ਵਿਚ ਸੱਤਾ ਵਿਰੋਧੀ ਲਹਿਰ ਨਾਲ ਜੂਝ ਰਹੇ ਹਨ ਅਤੇ ਪ੍ਰਸ਼ਾਸਨ ਤੋਂ ਦੂਰੀ ਬਣਾਉਣ ਲਈ ਸਰਕਾਰ ਦੀ ਆਲੋਚਨਾ ਕਰ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਵਿਧਾਇਕਾਂ ਦਾ ਆਪਣੇ ਵੋਟਰਾਂ ਨੂੰ ਇਹ ਦੱਸਣ ਦਾ ਤਰੀਕਾ ਕਿ ਉਹ ਆਵਾਜ਼ ਉਠਾ ਰਹੇ ਹਨ ਪਰ ਹਾਈਕਮਾਨ ਉਨ੍ਹਾਂ ਦੀ ਨਹੀਂ ਸੁਣ ਰਿਹਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਲਾਂਕਿ ਇਨ੍ਹਾਂ ਵਿਰੋਧੀ ਆਵਾਜ਼ਾਂ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦੀ, ਕਿਉਂਕਿ ਗਹਿਲੋਤ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦਰਮਿਆਨ ਖਿੱਚੋਤਾਣ ਜਾਰੀ ਹੈ। ਪਾਵਰ ਪਲੇਅ ਬਹੁਤ ਬੇਯਕੀਨੀ ਤੌਰ ’ਤੇ ਸੰਤੁਲਿਤ ਹੈ। ਇਸ ਹਫਤੇ ਦੀ ਸ਼ੁਰੂਆਤ ਵਿਚ ਇਕ ਹੋਰ ਵਿਧਾਇਕ ਰਾਜਿੰਦਰ ਬਿਧੂੜੀ ਜੋ ਪਾਇਲਟ ਵਫਾਦਾਰ ਹੈ, ਨੇ ਰਾਜਸਥਾਨ ਅਧਿਆਪਕ ਪਾਤਰਤਾ ਪ੍ਰੀਖਿਆ (ਆਰ. ਈ. ਈ. ਟੀ.) ਵਿਚ ਸੀ. ਬੀ. ਆਈ. ਜਾਂਚ ਦਾ ਹੁਕਮ ਦੇਣ ਵਿਚ ਗਹਿਲੋਤ ਦੀ ਇੱਛਾ ’ਤੇ ਸਵਾਲ ਉਠਾਇਆ, ਜਿਸ ਨੂੰ ਪੇਪਰ ਲੀਕ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਯੋਗੀ ਸਰਕਾਰ ਦਾ ਵੱਡਾ ਫ਼ੈਸਲਾ; ਔਰਤਾਂ ਸਿਰਫ ਸਵੇਰੇ 6 ਤੋਂ ਸ਼ਾਮ 7 ਵਜੇ ਤੱਕ ਕਰਨਗੀਆਂ ਕੰਮ

ਛੱਤੀਸਗੜ੍ਹ ਵਿਚ ਵੀ ਨਹੀਂ ਸੁਣਦੇ ਨੌਕਰਸ਼ਾਹ-
ਜੇਕਰ ਛੱਤੀਸਗੜ੍ਹ ਦੀ ਗੱਲ ਕਰੀਏ ਤਾਂ ਇੱਥੇ ਸਾਰਾ ਖੇਡ ਮੁੱਖ ਮੰਤਰੀ ਦੀ ਕੁਰਸੀ ਤੋਂ ਬਾਅਦ ਵਿਗੜ ਗਿਆ ਹੈ। ਸਿਹਤ ਮੰਤਰੀ ਟੀ. ਐੱਸ. ਸਿੰਘ ਦੇਵ ਦੇ ਰੋਟੇਸ਼ਨਲ ਸੀ. ਐੱਮ. ਦੇ ਦਾਅਵੇ ਬਾਅਦ ਬਘੇਲ ਖੇਮੇ ਵਲੋਂ ਜ਼ਿਆਦਾ ਤਰਜੀਹ ਨਹੀਂ ਦਿੱਤੀ ਜਾਂਦੀ ਹੈ। ਨੌਕਰਸ਼ਾਹ ਵੀ ਉਨ੍ਹਾਂ ਦਾ ਜ਼ਿਆਦਾ ਸਹਿਯੋਗ ਨਹੀਂ ਕਰਦੇ ਹਨ। ਜਿਸਦੇ ਕਾਰਨ ਕਾਂਗਰਸ ਦੀ ਹਾਲਤ ਸੂਬੇ ਵਿਚ ਤਸੱਲੀਬਖ਼ਸ਼ ਨਹੀਂ ਹੈ। ਸਿੰਘ ਦੇਵ ਨੇ 4 ਮਈ ਨੂੰ ਆਪਣੇ ਰਾਜਵਿਆਪੀ ਦੌਰੇ ਦੀ ਸ਼ੁਰੂਆਤ ਕੀਤੀ ਸੀ। ਇਸ ਦੌਰੇ ਦੌਰਾਨ ਸਿੰਘ ਦੇਵ ਦੀ ਦੰਤੇਵਾੜਾ, ਜਗਦਲਪੁਰ, ਕਾਂਕੇਰ ਅਤੇ ਧਮਤਰੀ ਵਿਚ ਬੁਲਾਈਆਂ ਗਈਆਂ ਮੀਟਿੰਗਾਂ ਵਿਚ ਜ਼ਿਲ੍ਹਾ ਕਲੈਕਟਰ ਅਤੇ ਪੁਲਸ ਕਪਤਾਨ ਨਾ ਤਾਂ ਸ਼ਾਮਲ ਹੋਏ ਅਤੇ ਨਾ ਹੀ ਉਨ੍ਹਾਂ ਨੂੰ ਮਿਲੇ ਜੋ ਪ੍ਰੋਟੋਕਾਲ ਦੇ ਤਹਿਤ ਜ਼ਰੂਰੀ ਹੈ। ਸੂਬੇ ਵਿਚ ਧੜਿਆਂ ਵਿਚ ਵੰਡੀ ਕਾਂਗਰਸ ਸਰਕਾਰ ’ਤੇ ਨੌਕਰਸ਼ਾਹੀ ਇਸ ਕਦਰ ਹਾਵੀ ਹੋ ਰਹੀ ਹੈ ਕਿ ਮੰਤਰੀਆਂ ਅਤੇ ਪਾਰਟੀ ਦੇ ਵੱਖ-ਵੱਖ ਨੇਤਾਵਾਂ ਵਿਚ ਬੇਭਰੋਸਗੀ ਵਧਦੀ ਜਾ ਰਹੀ ਹੈ। ਹਾਲਾਂਕਿ ਕਈ ਨੇਤਾ ਇਸ ਬਾਰੇ ਬੋਲਣ ਤੋਂ ਪਰਹੇਜ਼ ਕਰਦੇ ਹਨ।

ਇਹ ਵੀ ਪੜ੍ਹੋ: ਚਾਰਧਾਮ ਯਾਤਰਾ: ਹੁਣ ਤੱਕ 11 ਲੱਖ ਤੋਂ ਵਧੇਰੇ ਸ਼ਰਧਾਲੂਆਂ ਨੇ ਕੀਤੇ ‘ਦਰਸ਼ਨ’

ਰਾਜਸਥਾਨ ਵਿਚ ਅਸੰਤੋਸ਼ ਦੀ ਗੜਗੜਾਹਟ-
ਉਦੈਪੁਰ ਵਿਚ ਤਿੰਨ ਦਿਨਾਂ ਚਿੰਤਨ ਕੈਂਪ ਆਯੋਜਿਤ ਕਰਨ ਤੋਂ ਬਾਅਦ ਕਾਂਗਰਸ ਰਾਜਸਥਾਨ ਵਿਚ ਅਸੰਤੋਸ਼ ਦੀ ਗੜਗੜਾਹਟ ਦੇਖ ਰਹੀ ਹੈ। ਹਾਲਾਂਕਿ, ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲਈ ਕੋਈ ਖਤਰਾ ਨਹੀਂ ਹੈ, ਕਾਂਗਰਸ ਖੁੱਲ੍ਹੇ ਅਸੰਤੋਸ਼ ਦੇ ਪਿੱਛੇ ਸੰਦੇਸ਼ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦੀ ਹੈ। ਹਾਲਾਂਕਿ ਮੁੱਖ ਮੰਤਰੀ ਗਹਿਲੋਤ ਨੇ ਖੇਡ ਮੰਤਰੀ ਦੇ ਟਵੀਟ ਨੂੰ ਗ੍ਰਾਮੀਣ ਓਲੰਪਿਕ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਨਾਲ ਕੰਮ ਦਾ ਤਣਾਅ ਦੱਸਦੇ ਹੋਏ ਖਾਰਜ ਕਰ ਦਿੱਤਾ। ਚਿੰਤਨ ਕੈਂਪ ਦੇ ਠੀਕ ਬਾਅਦ ਰਾਜਸਥਾਨ ਨੌਜਵਾਨ ਕਾਂਗਰਸ ਪ੍ਰਧਾਨ ਅਤੇ ਡੁੰਗਰਪੁਰ ਵਿਧਾਇਕ ਗਣੇਸ਼ ਘੋਗਰਾ ਨੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਗਹਿਲੋਤ ਨੂੰ ਲਿਖੀ ਇਕ ਚਿੱਠੀ ਵਿਚ ਉਨ੍ਹਾਂ ਨੇ ਸੂਬਾ ਸਰਕਾਰ ’ਤੇ ਉਨ੍ਹਾਂ ਦੀ ਅਣਦੇਖੀ ਕਰਨ ਅਤੇ ਪ੍ਰਸ਼ਾਸਨ ਰਾਹੀਂ ਦਬਾਅ ਬਣਾਉਣ ਦਾ ਦੋਸ਼ ਲਗਾਇਆ ਤਾਂ ਜੋ ਉਹ ਅਤੇ ਸਥਾਨਕ ਕਾਂਗਰਸੀ ਲੋਕਾਂ ਦੇ ਮੁੱਦਿਆਂ ਨੂੰ ਉਠਾਉਣਾ ਬੰਦ ਕਰ ਦੇਣ।


author

Tanu

Content Editor

Related News