ਮੋਹਲੇਧਾਰ ਮੀਂਹ ਦਾ ਕਹਿਰ; ਪਾਣੀ ਦੇ ਤੇਜ਼ ਵਹਾਅ ''ਚ ਰੁੜ੍ਹੇ 5 ਲੋਕ, ਔਰਤ ਦੀ ਮੌਤ

Sunday, Aug 25, 2024 - 01:06 PM (IST)

ਜੈਪੁਰ- ਰਾਜਸਥਾਨ ਦੇ ਜਾਲੌਰ 'ਚ ਪਿਛਲੇ 24 ਘੰਟਿਆਂ ਵਿਚ ਮੋਹਲੇਧਾਰ ਮੀਂਹ ਪਿਆ, ਜਿੱਥੇ ਪਾਣੀ ਦੇ ਤੇਜ਼ ਵਹਾਅ 'ਚ 5 ਸ਼ਰਧਾਲੂ ਰੁੜ੍ਹ ਗਏ, ਜਿਨ੍ਹਾਂ 'ਚੋਂ 3 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਜਦਕਿ ਇਕ ਔਰਤ ਦੀ ਮੌਤ ਹੋ ਗਈ ਅਤੇ ਇਕ ਹੋਰ ਦੀ ਭਾਲ ਜਾਰੀ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਉਦੇਪੁਰ, ਧੌਲਪੁਰ, ਬਾਂਸਵਾੜਾ, ਪ੍ਰਤਾਪਗੜ੍ਹ, ਕੋਟਾ, ਬਾਰਾਂ, ਅਜਮੇਰ, ਭੀਲਵਾੜਾ, ਟੋਂਕ, ਜਾਲੋਰ, ਦੌਸਾ, ਸਵਾਈ ਮਾਧੋਪੁਰ ਅਤੇ ਸਿਰੋਹੀ ਜ਼ਿਲ੍ਹਿਆਂ ਵਿਚ ਕੁਝ ਥਾਵਾਂ 'ਤੇ ਮੋਹਲੇਧਾਰ ਮੀਂਹ ਪਿਆ।

ਮੌਸਮ ਵਿਭਾਗ ਮੁਤਾਬਕ ਪੂਰਬੀ ਰਾਜਸਥਾਨ 'ਚ ਸਭ ਤੋਂ ਵੱਧ ਮੀਂਹ ਦੌਸਾ 'ਚ 144.0 ਮਿਲੀਮੀਟਰ ਅਤੇ ਪੱਛਮੀ ਰਾਜਸਥਾਨ ਦੇ ਜਾਲੌਰ ਦੇ ਰਾਣੀਵਾੜਾ 'ਚ 65 ਮਿਲੀਮੀਟਰ ਦਰਜ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਜਾਲੌਰ ਦੇ ਜਸਵੰਤਪੁਰਾ ਸਬ-ਡਿਵੀਜ਼ਨ 'ਚ ਮੋਹਲੇਧਾਰ ਮੀਂਹ ਕਾਰਨ ਸੁੰਧਾ ਮਾਤਾ ਮੰਦਰ ਦੀਆਂ ਪੌੜੀਆਂ 'ਤੇ ਪਹਾੜ ਤੋਂ ਪਾਣੀ ਵਹਿਣ ਲੱਗਾ। ਤੇਜ਼ ਵਹਾਅ 'ਚ ਪੰਜ ਸ਼ਰਧਾਲੂ ਰੁੜ੍ਹ ਗਏ, ਜਿਨ੍ਹਾਂ 'ਚੋਂ ਇਕ ਔਰਤ ਦੀ ਮੌਤ ਹੋ ਗਈ।

ਉਨ੍ਹਾਂ ਕਿਹਾ ਕਿ ਤਿੰਨ ਲੋਕਾਂ ਨੂੰ ਪਾਣੀ 'ਚੋਂ ਬਾਹਰ ਕੱਢ ਲਿਆ ਗਿਆ ਹੈ, ਜਦਕਿ ਇਕ ਹੋਰ ਲਾਪਤਾ ਸ਼ਰਧਾਲੂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਲਕਸ਼ਮੀ ਦੇਵੀ ਅਹਾਰੀ (45) ਵਜੋਂ ਹੋਈ ਹੈ। ਮੌਸਮ ਵਿਭਾਗ ਨੇ ਸੋਮਵਾਰ ਤੱਕ ਕੋਟਾ, ਉਦੈਪੁਰ ਅਤੇ ਜੋਧਪੁਰ ਡਿਵੀਜ਼ਨ ਦੇ ਕਈ ਇਲਾਕਿਆਂ 'ਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਐਤਵਾਰ ਨੂੰ ਕੋਟਾ ਅਤੇ ਉਦੈਪੁਰ ਡਿਵੀਜ਼ਨ ਦੇ ਕੁਝ ਜ਼ਿਲ੍ਹਿਆਂ 'ਚ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ 27 ਅਗਸਤ ਤੋਂ ਮੀਂਹ ਦੀਆਂ ਗਤੀਵਿਧੀਆਂ ਵਿਚ ਕਮੀ ਆਉਣ ਦੀ ਸੰਭਾਵਨਾ ਹੈ।


Tanu

Content Editor

Related News