ਰਾਜਾਜੀ ਨੈਸ਼ਨਲ ਪਾਰਕ ਵਿਚ ਹੋਣ ਵਾਲੇ ਰੇਲ ਹਾਦਸਿਆਂ ਨੂੰ ਰੋਕਣਗੀਆਂ ਮਧੂਮੱਖੀਆਂ
Saturday, Oct 06, 2018 - 10:27 AM (IST)

ਨਵੀਂ ਦਿੱਲੀ — ਉੱਤਰ ਰੇਲਵੇ ਦੇ ਮੁਰਾਦਾਬਾਦ ਡਿਵੀਜ਼ਨ 'ਚ ਸਥਿਤ ਰਾਜਾਜੀ ਨੈਸ਼ਨਲ ਪਾਰਕ ਖੇਤਰ ਵਿਚ ਹਾਥੀਆਂ ਅਤੇ ਹੋਰ ਜੰਗਲੀ ਜਾਨਵਰਾਂ ਨੂੰ ਰੇਲਗੱਡੀਆਂ ਤੋਂ ਹੋਣ ਵਾਲੇ ਹਾਦਸਿਆਂ ਤੋਂ ਬਚਾਉਣ ਲਈ ਰੇਲਵੇ ਨੇ ਹਰਿਦੁਆਰ ਤੋਂ ਦੇਹਰਾਦੂਨ ਦੇ ਵਿਚਕਾਰ ਪਟੜੀਆਂ 'ਤੇ ਮਧੂ ਮੱਖੀਆਂ ਦੀ ਆਵਾਜ਼ ਕੱਢਣ ਵਾਲਾ ਸਿਸਟਮ ਲਗਾਇਆ ਹੈ। ਇਸ ਸਾਊਂਡ ਸਿਸਟਮ ਨੇ 4 ਅਕਤੂਬਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਵਿਭਾਗ ਦੀ ਪਰੇਸ਼ਾਨੀ ਦਾ ਕਾਰਨ
ਉੱਤਰ ਰੇਲਵੇ ਦੇ ਮੁਰਾਦਾਬਾਦ ਮੰਡਲ 'ਚ ਹਰਿਦੁਆਰ ਤੋਂ ਦੇਹਰਾਦੂਨ ਜਾਣ ਲਈ ਰੇਲਵੇ ਦੀਆਂ ਪਟੜੀਆਂ ਰਾਜਾਜੀ ਨੈਸ਼ਨਲ ਪਾਰਕ ਦੇ ਜੰਗਲੀ ਖੇਤਰ ਵਿਚੋਂ ਹੋ ਕੇ ਲੰਗਦੀਆਂ ਹਨ। ਅਜਿਹੀ ਸਥਿਤੀ ਵਿਚ ਕਈ ਵਾਰ ਪਟੜੀਆਂ 'ਤੇ ਹਾਥੀਆਂ ਦੇ ਝੁੰਡ ਦੇ ਆ ਜਾਣ ਕਰਕੇ ਹਾਦਸਾ ਹੋ ਜਾਂਦਾ ਹੈ। ਇਸ ਕਾਰਨ ਕਈ ਹਾਥੀਆਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਸਮੱਸਿਆ ਨੂੰ ਧਿਆਨ 'ਚ ਰੱਖਦੇ ਹੋਏ ਉਤਰਾਖੰਡ ਸੂਬਾ ਸਰਕਾਰ ਨੇ ਜੰਗਲ ਵਿਭਾਗ ਨੂੰ ਜਾਨਵਰਾਂ ਨੂੰ ਸੁਰੱਖਿਆ ਦੇਣ ਲਈ ਕੋਈ ਠੋਸ ਕਦਮ ਚੁੱਕਣ ਲਈ ਕਿਹਾ ਸੀ।
ਪਾਣੀ ਦੀ ਭਾਲ 'ਚ ਪਟੜੀਆਂ ਨੂੰ ਪਾਰ ਕਰਦੇ ਹਨ ਹਾਥੀ
ਰਾਜਾਜੀ ਨੈਸ਼ਨਲ ਪਾਰਕ ਦੇ ਜੰਗਲਾਂ ਵਿਚ ਹਾਥੀ ਪਾਣੀ ਦੀ ਭਾਲ ਵਿਚ ਕਈ ਵਾਰ ਰੇਲ ਦੀਆਂ ਪਟੜੀਆਂ ਨੂੰ ਪਾਰ ਕਰਦੇ ਹਨ। ਹੁਣੇ ਜਿਹੇ ਟ੍ਰੇਨ ਨਾਲ ਹਾਥੀਆਂ ਦੇ ਟਕਰਾਉਣ ਕਰਕੇ ਹੋਣ ਵਾਲੀ ਮੌਤ ਦੀਆਂ ਦੋ ਘਟਨਾਵਾਂ ਤੋਂ ਬਾਅਦ ਹਾਥੀਆਂ ਨੂੰ ਹਾਦਸਿਆਂ ਤੋਂ ਬਚਾਉਣ ਲਈ ਮਧੂ ਮੱਖੀਆਂ ਦੀ ਆਵਾਜ਼ ਕੱਢਣ ਵਾਲਾ ਸਾਊਂਡ ਸਿਸਟਮ ਲਗਾਉਣ ਦੀ ਯੋਜਨਾ ਬਣਾਈ ਗਈ। ਇਸ ਆਵਾਜ਼ ਕਾਰਨ ਹਾਥੀ ਪਟੜੀ ਦੇ ਨੇੜੇ ਨਹੀਂ ਆਉਂਦੇ।
ਰੰਗਿਆ ਡਿਵੀਜ਼ਨ 'ਚ ਰਿਹਾ ਸਫਲ ਪ੍ਰੀਖਣ
ਰੇਲਵੇ ਦੇ ਉੱਤਰੀ ਖੇਤਰ ਦੇ ਰੰਗਿਆ ਡਿਵੀਜ਼ਨ ਨੇ ਹਾਥੀਆਂ ਨੂੰ ਭਜਾਉਣ ਲਈ ਮੁਧੂਮੱਖੀਆਂ ਵਰਗੀ ਆਵਾਜ਼ ਕੱਢਣ ਵਾਲੇ ਸਿਸਟਮ ਪ੍ਰਯੋਗਾਤਮਕ ਢੰਗ ਨਾਲ ਲਗਾਏ ਸਨ। ਇਸ ਪ੍ਰਯੋਗ ਤੋਂ ਬਹੁਤ ਵਧੀਆ ਨਤੀਜੇ ਪ੍ਰਾਪਤ ਹੋਏ। ਰੰਗਿਆ ਡਿਵੀਜ਼ਨ ਨੇ ਜੰਗਲ ਵਿਭਾਗ ਨਾਲ ਮਿਲ ਕੇ ਇਸ ਸਬੰਧ ਵਿਚ ਕੰਮ ਕੀਤਾ ਜਿਸ ਤੋਂ ਪਤਾ ਲੱਗਾ ਕਿ ਮਧੂਮੱਖੀਆਂ ਦੀ ਆਵਾਜ਼ ਨਾਲ ਹਾਥੀ ਬਹੁਤ ਪਰੇਸ਼ਾਨ ਹੁੰਦੇ ਹਨ ਅਤੇ ਆਮ ਤੌਰ 'ਤੇ ਮਧੂਮੱਖੀਆਂ ਵਾਲੇ ਰਸਤੇ 'ਤੇ ਜਾਣ ਤੋਂ ਬਚਦੇ ਹਨ।