ਪੋਰਨੋਗ੍ਰਾਫੀ ਕੇਸ 'ਚ ਰਾਜ ਕੁੰਦਰਾ ਨੂੰ ED ਦਾ ਸੰਮਨ, ਪੁੱਛਗਿੱਛ ਲਈ ਮੁੰਬਈ ਦਫ਼ਤਰ ਸੱਦਿਆ

Sunday, Dec 01, 2024 - 09:58 AM (IST)

ਪੋਰਨੋਗ੍ਰਾਫੀ ਕੇਸ 'ਚ ਰਾਜ ਕੁੰਦਰਾ ਨੂੰ ED ਦਾ ਸੰਮਨ, ਪੁੱਛਗਿੱਛ ਲਈ ਮੁੰਬਈ ਦਫ਼ਤਰ ਸੱਦਿਆ

ਮੁੰਬਈ : ਈਡੀ ਨੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਨੂੰ ਅਸ਼ਲੀਲ ਅਤੇ ਬਾਲਗ ਫਿਲਮਾਂ ਦੀ ਕਥਿਤ ਵੰਡ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਸੰਮਨ ਜਾਰੀ ਕੀਤਾ ਹੈ। ਕੁੰਦਰਾ ਨੂੰ ਇਸ ਹਫ਼ਤੇ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਈਡੀ ਵੱਲੋਂ 49 ਸਾਲਾ ਕੁੰਦਰਾ ਅਤੇ ਕੁਝ ਹੋਰ ਵਿਅਕਤੀਆਂ ਦੇ ਘਰਾਂ ਅਤੇ ਦਫ਼ਤਰਾਂ ਸਮੇਤ ਮੁੰਬਈ ਅਤੇ ਉੱਤਰ ਪ੍ਰਦੇਸ਼ ਦੇ ਕੁਝ ਸ਼ਹਿਰਾਂ ਵਿਚ ਲਗਭਗ 15 ਥਾਵਾਂ 'ਤੇ ਛਾਪੇਮਾਰੀ ਕਰਨ ਤੋਂ ਬਾਅਦ ਇਹ ਸੰਮਨ ਜਾਰੀ ਕੀਤੇ ਗਏ ਸਨ।

ਈਡੀ ਨੇ ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ਨੂੰ ਵੀ ਸੰਮਨ ਜਾਰੀ ਕਰਕੇ ਪੁੱਛਗਿੱਛ ਲਈ ਆਪਣੇ ਮੁੰਬਈ ਦਫ਼ਤਰ ਬੁਲਾਇਆ ਹੈ। ਰਾਜ ਕੁੰਦਰਾ ਨੂੰ ਸੋਮਵਾਰ ਸਵੇਰੇ 11 ਵਜੇ ਈਡੀ ਦਫ਼ਤਰ ਆਉਣ ਲਈ ਕਿਹਾ ਗਿਆ ਹੈ। ਰਾਜ ਕੁੰਦਰਾ ਦੇ ਵਕੀਲ ਪ੍ਰਸ਼ਾਂਤ ਪਾਟਿਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਨੇ ਕੋਈ ਅਪਰਾਧ ਨਹੀਂ ਕੀਤਾ ਹੈ। ਉਨ੍ਹਾਂ ਕਿਹਾ, 'ਉਨ੍ਹਾਂ ਅਜੇ ਤੱਕ ਆਪਣੇ ਮੁਵੱਕਿਲ ਨਾਲ ਗੱਲ ਨਹੀਂ ਕੀਤੀ ਹੈ, ਪਰ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਉਹ ਬੇਕਸੂਰ ਹਨ। ਮੁੰਬਈ ਪੁਲਸ ਦੀ ਚਾਰਜਸ਼ੀਟ 'ਤੇ ਨਜ਼ਰ ਮਾਰੀਏ ਤਾਂ ਰਾਜ ਕੁੰਦਰਾ ਦੇ ਲੈਣ-ਦੇਣ ਕਾਨੂੰਨੀ ਹਨ। ਉਨ੍ਹਾਂ ਨੇ ਟੈਕਸ ਅਦਾ ਕਰ ਦਿੱਤਾ ਹੈ। ਮੈਂ ਤੁਹਾਨੂੰ ਭਰੋਸਾ ਦੇ ਸਕਦਾ ਹਾਂ ਕਿ ਰਾਜ ਕੁੰਦਰਾ ਨੇ ਮਨੀ ਲਾਂਡਰਿੰਗ ਵਰਗਾ ਕੋਈ ਅਪਰਾਧ ਨਹੀਂ ਕੀਤਾ ਹੈ।''

ਇਹ ਵੀ ਪੜ੍ਹੋ : ਡੋਨਾਲਡ ਟਰੰਪ ਨੇ ਭਾਰਤਵੰਸ਼ੀ ਕਾਸ਼ ਪਟੇਲ ਨੂੰ ਬਣਾਇਆ FBI ਦਾ ਨਵਾਂ ਡਾਇਰੈਕਟਰ

ਰਾਜ ਕੁੰਦਰਾ ਦੀ ਹੋਈ ਸੀ ਗ੍ਰਿਫ਼ਤਾਰੀ, ਫਿਰ ਮਿਲ ਗਈ ਸੀ ਬੇਲ
ਮਨੀ ਲਾਂਡਰਿੰਗ ਦਾ ਮਾਮਲਾ ਮਈ 2022 ਵਿਚ ਰਾਜ ਕੁੰਦਰਾ ਅਤੇ ਹੋਰਾਂ ਵਿਰੁੱਧ ਮੁੰਬਈ ਪੁਲਸ ਦੁਆਰਾ ਦਾਇਰ ਘੱਟੋ-ਘੱਟ ਦੋ ਐੱਫਆਈਆਰ ਅਤੇ ਚਾਰਜਸ਼ੀਟਾਂ ਤੋਂ ਪੈਦਾ ਹੁੰਦਾ ਹੈ। ਇਸ ਮਾਮਲੇ ਵਿਚ ਕਾਰੋਬਾਰੀ ਅਤੇ ਕੁਝ ਹੋਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬਾਅਦ ਵਿਚ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਕੁੰਦਰਾ ਖਿਲਾਫ ਮਨੀ ਲਾਂਡਰਿੰਗ ਦਾ ਇਹ ਦੂਜਾ ਮਾਮਲਾ ਹੈ। ਇਸ ਸਾਲ ਦੀ ਸ਼ੁਰੂਆਤ 'ਚ ਈਡੀ ਨੇ ਕ੍ਰਿਪਟੋ ਕਰੰਸੀ ਮਾਮਲੇ 'ਚ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦੀ 98 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਹਾਲਾਂਕਿ ਉਨ੍ਹਾਂ ਨੂੰ ਆਪਣੀ ਜਾਇਦਾਦ ਦੀ ਕੁਰਕੀ ਦੇ ਖਿਲਾਫ ਬੰਬੇ ਹਾਈ ਕੋਰਟ ਤੋਂ ਰਾਹਤ ਮਿਲੀ ਹੈ।

ਮੁੰਬਈ ਪੁਲਸ ਕੋਲ ਮੇਰੇ ਖਿਲਾਫ ਕੋਈ ਸਬੂਤ ਨਹੀਂ : ਰਾਜ ਕੁੰਦਰਾ
ਰਾਜ ਕੁੰਦਰਾ ਨੇ 2021 ਵਿਚ ਮੁੰਬਈ ਦੀ ਇਕ ਸਥਾਨਕ ਅਦਾਲਤ ਨੂੰ ਦੱਸਿਆ ਸੀ ਕਿ ਇਸਤਗਾਸਾ (ਮੁੰਬਈ ਪੁਲਸ) ਕੋਲ ਕਥਿਤ ਪੋਰਨ ਫਿਲਮ ਰੈਕੇਟ ਵਿਚ ਵਰਤੀ ਗਈ ਐਪ 'ਹਾਟਸੌਟਸ' ਨੂੰ ਕਾਨੂੰਨ ਤਹਿਤ ਅਪਰਾਧ ਬਣਾਉਣ ਲਈ ਇਕ ਵੀ ਸਬੂਤ ਨਹੀਂ ਹੈ। ਜਾਂਚ ਏਜੰਸੀ ਮੁਤਾਬਕ ਦੋਸ਼ੀ ਵਿਅਕਤੀ ਅਸ਼ਲੀਲ ਸਮੱਗਰੀ ਨੂੰ ਅਪਲੋਡ ਕਰਨ ਅਤੇ ਸਟ੍ਰੀਮ ਕਰਨ ਲਈ 'ਹਾਟਸ਼ਾਟ' ਐਪ ਦੀ ਵਰਤੋਂ ਕਰ ਰਹੇ ਸਨ।

ਕੇਸ 'ਚ ਮੈਨੂੰ 'ਬਲੀ ਦਾ ਬੱਕਰਾ' ਬਣਾਇਆ ਜਾ ਰਿਹਾ ਹੈ : ਰਾਜ ਕੁੰਦਰਾ 
ਰਾਜ ਕੁੰਦਰਾ ਨੇ ਦਾਅਵਾ ਕੀਤਾ ਸੀ ਕਿ ਕਥਿਤ ਪੋਰਨੋਗ੍ਰਾਫੀ ਮਾਮਲੇ ਵਿਚ ਉਸ ਦੀ ਸਰਗਰਮ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਹੈ। ਉਸ ਨੇ ਖੁਦ ਨੂੰ ਫਸਾਉਣ ਦਾ ਦੋਸ਼ ਲਾਇਆ ਸੀ। ਰਾਜ ਕੁੰਦਰਾ ਨੇ ਅਦਾਲਤ ਵਿਚ ਦੱਸਿਆ ਸੀ ਕਿ ਉਸ ਦਾ ਨਾਂ ਐੱਫਆਈਆਰ ਵਿਚ ਵੀ ਨਹੀਂ ਸੀ, ਪਰ ਪੁਲਸ ਨੇ ਉਸ ਨੂੰ ਇਸ ਕੇਸ ਵਿਚ ਘਸੀਟਿਆ। ਕਾਰੋਬਾਰੀ ਨੇ ਆਪਣੀ ਪਟੀਸ਼ਨ 'ਚ ਦਾਅਵਾ ਕੀਤਾ ਸੀ ਕਿ ਉਸ ਨੂੰ 'ਬਲੀ ਦਾ ਬੱਕਰਾ' ਬਣਾਇਆ ਜਾ ਰਿਹਾ ਹੈ, ਜਿਸ ਦੇ ਕਾਰਨਾਂ ਬਾਰੇ ਜਾਂਚਕਰਤਾ ਬਿਹਤਰ ਜਾਣ ਸਕਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Sandeep Kumar

Content Editor

Related News