ਕਾਲ ਬਣ ਵਰ੍ਹਿਆ ਮੀਂਹ! ਸੜਕਾਂ ਤੇ ਘਰਾਂ ''ਚ ਭਰ ਗਿਆ ਪਾਣੀ, 6 ਲੋਕਾਂ ਦੀ ਗਈ ਜਾਨ

Wednesday, May 14, 2025 - 05:51 PM (IST)

ਕਾਲ ਬਣ ਵਰ੍ਹਿਆ ਮੀਂਹ! ਸੜਕਾਂ ਤੇ ਘਰਾਂ ''ਚ ਭਰ ਗਿਆ ਪਾਣੀ, 6 ਲੋਕਾਂ ਦੀ ਗਈ ਜਾਨ

ਨੈਸ਼ਨਲ ਡੈਸਕ- ਮੰਗਲਵਾਰ ਨੂੰ ਕਰਨਾਟਕ ਦੀ ਰਾਜਧਾਨੀ ਬੰਗਲੁਰੂ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਹੋਈ ਮੋਹਲੇਧਾਰ ਬਾਰਿਸ਼ ਨੇ ਜੀਵਨ ਦੀ ਰਫ਼ਤਾਰ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ। ਬਹੁਤ ਸਾਰੇ ਇਲਾਕੇ ਡੁੱਬ ਗਏ, ਸੜਕਾਂ 'ਤੇ ਨਦੀਆਂ ਵਰਗਾਂ ਮਜ਼ਰ ਨਜ਼ਰ ਆ ਰਿਹਾ ਹੈ ਅਤੇ ਪਾਣੀ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਗਿਆ। ਸ਼ਹਿਰ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਮੀਂਹ ਤਬਾਹੀ ਬਣ ਕੇ ਵਰ੍ਹਿਆ ਹੈ ਜਿਸ ਵਿਚ 25 ਤੋਂ ਵੱਧ ਦਰੱਖਤ ਉਖੜ ਗਏ ਹਨ ਅਤੇ ਆਵਾਜਾਈ ਵਿੱਚ ਭਾਰੀ ਵਿਘਨ ਪਿਆ ਹੈ।

ਮੀਂਹ ਬਣਿਆ ਕਾਲ, 6 ਲੋਕਾਂ ਦੀ ਗਈ ਜਾਨ

ਇਸ ਭਾਰੀ ਮੀਂਹ ਨੇ ਨਾ ਸਿਰਫ਼ ਆਫ਼ਤ ਮਚਾਈ ਸਗੋਂ ਕਈ ਲੋਕਾਂ ਲਈ ਘਾਤਕ ਵੀ ਸਾਬਤ ਹੋਈ। ਕਰਨਾਟਕ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਗਡਗ ਵਿੱਚ ਇਕ ਬਾਈਕ ਸਵਾਰ ਤੇਜ਼ ਵਹਾਅ 'ਚ ਵਹਿ ਗਿਆ ਤਾਂ ਇਕ ਵਿਅਕਤੀ ਨਾਲੇ 'ਚ ਡਿੱਗਣ ਕਾਰਨ ਆਪਣੀ ਜਾਨ ਗੁਆ ਬੈਠਾ। ਕੋਪਲ ਅਤੇ ਬੇਲਾਰੀ ਵਿੱਚ ਬਿਜਲੀ ਡਿੱਗਣ ਕਾਰਨ ਦੋ-ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਚਿਕਮੰਗਲੁਰੂ ਅਤੇ ਵਿਜੇਪੁਰਾ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਗਈ।

PunjabKesari

ਕਾਲਾਬੁਰਗੀ ਜ਼ਿਲ੍ਹੇ ਵਿੱਚ ਵੀ ਮੀਂਹ ਨੇ ਤਬਾਹੀ ਮਚਾਈ। ਭਾਰੀ ਮੀਂਹ ਕਾਰਨ ਨਾਲਿਆਂ ਦਾ ਪਾਣੀ ਓਵਰਫਲੋ ਹੋ ਗਿਆ ਅਤੇ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਗਿਆ। ਚਿੰਚੋਲੀ ਤਾਲੁਕ ਦੇ ਸੁਲੇਪੇਟ ਅਤੇ ਬੇਨਕਾਨਹੱਲੀ ਪਿੰਡਾਂ ਵਿੱਚ ਸਥਿਤੀ ਸਭ ਤੋਂ ਮਾੜੀ ਸੀ। ਇੱਥੇ ਪਿੰਡ ਵਾਸੀਆਂ ਦੇ ਘਰਾਂ ਵਿੱਚ ਰੱਖੇ ਅਨਾਜ ਅਤੇ ਹੋਰ ਘਰੇਲੂ ਸਮਾਨ ਪਾਣੀ ਵਿੱਚ ਭਿੱਜ ਗਿਆ। ਲੋਕ ਆਪਣੇ ਘਰਾਂ ਵਿੱਚੋਂ ਪਾਣੀ ਕੱਢਣ ਅਤੇ ਆਪਣਾ ਸਮਾਨ ਬਚਾਉਣ ਵਿੱਚ ਬੇਵੱਸ ਦਿਖਾਈ ਦਿੱਤੇ। ਕਈ ਘਰਾਂ ਵਿੱਚ ਕਮਰ ਤੱਕ ਪਾਣੀ ਭਰ ਗਿਆ, ਜਿਸ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ।

ਭਾਰੀ ਮੀਂਹ ਨੇ ਹੁਬਲੀ ਅਤੇ ਧਾਰਵਾੜ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਹੁਬਲੀ ਦੇ ਗਣੇਸ਼ਪੇਟ ਅਤੇ ਆਨੰਦ ਨਗਰ ਵਰਗੇ ਇਲਾਕਿਆਂ ਵਿੱਚ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਗਿਆ। ਲੋਕ ਬਾਲਟੀਆਂ, ਮੱਗਾਂ ਅਤੇ ਪਾਈਪਾਂ ਦੀ ਮਦਦ ਨਾਲ ਆਪਣੇ ਘਰਾਂ ਵਿੱਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕਰਦੇ ਦੇਖੇ ਗਏ। ਕਈ ਪਰਿਵਾਰਾਂ ਨੂੰ ਆਪਣੇ ਘਰ ਖਾਲੀ ਕਰਨੇ ਪਏ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ, ਪੁਣੇ-ਬੈਂਗਲੁਰੂ ਰਾਸ਼ਟਰੀ ਰਾਜਮਾਰਗ ਵੀ ਮਨਸੂਰ ਨੇੜੇ ਪਾਣੀ ਨਾਲ ਭਰ ਗਿਆ, ਜਿਸ ਕਾਰਨ ਲੰਬਾ ਟ੍ਰੈਫਿਕ ਜਾਮ ਹੋ ਗਿਆ ਅਤੇ ਯਾਤਰੀਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

PunjabKesari

ਅਜੇ ਹੋਰ ਮੀਂਹ ਦਾ ਖ਼ਤਰਾ

ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 24 ਘੰਟਿਆਂ ਵਿੱਚ ਮੀਂਹ ਜਾਰੀ ਰਹਿ ਸਕਦਾ ਹੈ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਪਰ ਕਈ ਇਲਾਕਿਆਂ ਵਿੱਚ ਲੋਕ ਅਜੇ ਵੀ ਮਦਦ ਦੀ ਉਡੀਕ ਕਰ ਰਹੇ ਹਨ। ਬੰਗਲੁਰੂ ਵਿੱਚ ਇਸ ਅਚਾਨਕ ਮੀਂਹ ਨੇ ਇੱਕ ਵਾਰ ਫਿਰ ਸ਼ਹਿਰ ਦੇ ਮਾੜੇ ਬੁਨਿਆਦੀ ਢਾਂਚੇ ਨੂੰ ਉਜਾਗਰ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


author

Rakesh

Content Editor

Related News