ਨਿੱਜੀ ਰੇਲ ਗੱਡੀ ਸੰਚਾਲਕਾਂ ਨੂੰ ਰੁਕਣ ਲਈ ਸਟੇਸ਼ਨ ਦੀ ਚੋਣ ਕਰਨ ਦੀ ਆਜ਼ਾਦੀ: ਰੇਲਵੇ
Monday, Aug 17, 2020 - 02:18 AM (IST)
ਨਵੀਂ ਦਿੱਲੀ : ਰੇਲਵੇ ਵੱਲੋਂ 109 ਮਾਰਗਾਂ 'ਤੇ 150 ਨਿੱਜੀ ਰੇਲ ਗੱਡੀਆਂ ਚਲਾਉਣ ਦੀ ਜ਼ਿੰਮੇਦਾਰੀ ਜਿਨ੍ਹਾਂ ਨਿੱਜੀ ਸੰਚਾਲਕਾਂ ਨੂੰ ਦਿੱਤੀ ਜਾਵੇਗੀ, ਉਨ੍ਹਾਂ ਨੂੰ ਉਨ੍ਹਾਂ ਸਟੇਸ਼ਨਾਂ ਦੀ ਚੋਣ ਕਰਨ ਦੀ ਆਜ਼ਾਦੀ ਹੋਵੇਗੀ ਜਿੱਥੇ ਉਹ ਆਪਣੀਆਂ ਰੇਲ ਗੱਡੀਆਂ ਨੂੰ ਰੋਕਣਾ ਚਾਹੁੰਦੇ ਹਨ। ਰੇਲਵੇ ਵੱਲੋਂ ਇਸ ਸੰਬੰਧ 'ਚ ਜਾਰੀ ਦਸਤਾਵੇਜ਼ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ, ਨਿੱਜੀ ਰੇਲ ਗੱਡੀ ਸੰਚਾਲਕਾਂ ਨੂੰ ਪਹਿਲਾਂ ਹੀ ਉਨ੍ਹਾਂ ਸਟੇਸ਼ਨਾਂ ਦੀ ਸੂਚੀ ਰੇਲਵੇ ਨੂੰ ਮੁਹੱਈਆਂ ਕਰਵਾਉਣੀ ਹੋਵੇਗੀ ਜਿੱਥੇ ਉਹ ਰੇਲ ਗੱਡੀ ਦੇ ਸ਼ੁਰੂਆਤ ਅਤੇ ਮੰਜਿਲ ਤੋਂ ਇਲਾਵਾ ਰੁਕਣਾ ਚਾਹੁੰਦੇ ਹਨ।
ਨਿੱਜੀ ਸੰਚਾਲਕਾਂ ਨੂੰ ਰਸਤੇ 'ਚ ਪੈਣ ਵਾਲੇ ਸਟੇਸ਼ਨਾਂ 'ਤੇ ਰੁਕਣ ਦੀ ਸੂਚੀ ਦੇ ਨਾਲ ਇਹ ਵੀ ਦੱਸਣਾ ਹੋਵੇਗਾ ਕਿ ਰੇਲ ਗੱਡੀ ਕਿੰਨੇ ਵਜੇ ਸਟੇਸ਼ਨ 'ਤੇ ਆਵੇਗੀ ਅਤੇ ਕਦੋਂ ਰਵਾਨਾ ਹੋਵੇਗੀ ਅਤੇ ਇਹ ਰੇਲ ਸੰਚਾਲਨ ਯੋਜਨਾ ਦਾ ਹਿੱਸਾ ਹੋਵੇਗਾ। ਸਮਝੌਤੇ ਦੇ ਮਸੌਦੇ ਮੁਤਾਬਕ ਨਿੱਜੀ ਸੰਚਾਲਕ ਨੂੰ ਇਸ ਦੀ ਸੂਚਨਾ ਪਹਿਲਾਂ ਦੇਣ ਦੇ ਨਾਲ-ਨਾਲ ਰੁਕਣ ਦੀ ਸਮਾਂ ਸੂਚੀ ਇੱਕ ਸਾਲ ਲਈ ਹੋਵੇਗੀ ਅਤੇ ਇਸ ਤੋਂ ਬਾਅਦ ਹੀ ਵਿਚਕਾਰ ਦੇ ਸਟੇਸ਼ਨ 'ਤੇ ਰੁਕਣ ਦੀ ਸਮੀਖਿਆ ਕੀਤੀ ਜਾ ਸਕਦੀ ਹੈ। ਅਰਜ਼ੀ ਬੈਠਕ 'ਚ ਸ਼ਾਮਲ ਇੱਕ ਸੰਭਾਵਤ ਨਿੱਜੀ ਸੰਚਾਲਕ ਦੇ ਸਵਾਲ 'ਤੇ ਰੇਲਵੇ ਨੇ ਕਿਹਾ ਕਿ ਕੰਪਨੀ ਰਿਆਇਤ ਸਮਝੌਤੇ ਦੇ ਨਿਯਮ ਅਤੇ ਸ਼ਰਤਾਂ ਮੁਤਾਬਕ ਸਟੇਸ਼ਨਾਂ 'ਤੇ ਰੁਕਣ ਦਾ ਫੈਸਲਾ ਕਰਨ 'ਚ ਲਚਕੀਲਾ ਰੁਖ਼ ਅਪਣਾ ਸਕਦੀ ਹੈ।
ਹਾਲਾਂਕਿ, ਰੇਲਵੇ ਨੇ ਸਪੱਸ਼ਟ ਕੀਤਾ ਹੈ ਕਿ ਨਿੱਜੀ ਰੇਲ ਗੱਡੀਆਂ ਨੂੰ ਉਸ ਰੂਟ 'ਤੇ ਮੌਜੂਦਾ ਸਮੇਂ 'ਚ ਸਭ ਤੋਂ ਤੇਜ਼ ਰਫ਼ਤਾਰ ਨਾਲ ਚੱਲ ਰਹੀ ਰੇਲਗੱਡੀ ਦੇ ਰੁਕਣ ਵਾਲੇ ਸਟੇਸ਼ਨਾਂ ਤੋਂ ਜ਼ਿਆਦਾ ਦੇਰ ਤੱਕ ਰੁਕਣ ਦੀ ਮਨਜ਼ੂਰੀ ਨਹੀਂ ਹੋਵੇਗੀ। ਰੇਲਵੇ ਨੂੰ ਉਨ੍ਹਾਂ ਸਟੇਸ਼ਨਾਂ ਨੂੰ ਵੀ ਸ਼ਾਮਲ ਕਰਣਾ ਹੋਵੇਗਾ ਜਿਨ੍ਹਾਂ ਦੀ ਜ਼ਰੂਰਤ ਕੋਚ 'ਚ ਪਾਣੀ ਭਰਨ, ਸਫਾਈ ਕਰਨ ਆਦਿ ਲਈ ਹੋਵੇਗੀ।