1 ਜੂਨ ਤੋਂ ਅੰਸ਼ਕ ਤੌਰ 'ਤੇ ਬਹਾਲ ਹੋਵੇਗੀ ਰੇਲ ਸੇਵਾ, 21 ਮਈ ਤੋਂ ਸ਼ੁਰੂ ਹੋਵੇਗੀ ਬੁਕਿੰਗ
Wednesday, May 20, 2020 - 11:16 PM (IST)
ਨਵੀਂ ਦਿੱਲੀ - ਕੋਰੋਨਾ ਸੰਕਟ ਵਿਚਾਲੇ ਦੇਸ਼ 'ਚ 1 ਜੂਨ ਤੋਂ ਅੰਸ਼ਕ ਤੌਰ 'ਤੇ ਰੇਲ ਸੇਵਾਵਾਂ ਦੀ ਬਹਾਲੀ ਹੋਵੇਗੀ। ਗ੍ਰਹਿ ਮੰਤਰਾਲਾ ਅਤੇ ਸਿਹਤ ਮੰਤਰਾਲਾ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਰੇਲਵੇ ਮੰਤਰਾਲਾ ਨੇ ਇਹ ਫੈਸਲਾ ਲਿਆ ਹੈ। ਟਰੇਨਾਂ ਦੀਆਂ ਟਿਕਟਾਂ ਦੀ ਆਨਲਾਈਨ ਬੁਕਿੰਗ ਕੱਲ਼ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ। ਟਿਕਟ ਕੰਫਰਮ ਹੋਣ 'ਤੇ ਹੀ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਰੇਲਵੇ ਨੇ 1 ਜੂਨ ਤੋਂ ਚੱਲਣ ਵਾਲੀਆਂ 200 ਟਰੇਨਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਇਨ੍ਹਾਂ ਦੀ ਬੁਕਿੰਗ 21 ਮਈ ਤੋਂ ਸ਼ੁਰੂ ਹੋਵੇਗੀ। ਭਾਰਤੀ ਰੇਲਵੇ ਦੇ ਬੁਲਾਰਾ ਨੇ ਦੱਸਿਆ ਕਿ ਇਹ ਟਰੇਨਾਂ ਪੂਰੀ ਤਰ੍ਹਾਂ ਰਿਜ਼ਰਵ ਹੋਣਗੀਆਂ ਜਿਨ੍ਹਾਂ 'ਚ ਏ.ਸੀ. ਅਤੇ ਗੈਰ ਏ.ਸੀ. ਸ਼੍ਰੇਣੀਆਂ ਹੋਣਗੀਆਂ, ਜਨਰਲ ਕੋਚ 'ਚ ਵੀ ਬੈਠਣ ਲਈ ਰਿਜ਼ਰਵ ਸੀਟਾਂ ਦੀ ਸੁਵਿਧਾ ਹੋਵੇਗੀ।
ਇਨ੍ਹਾਂ 100 ਟਰੇਨਾਂ 'ਚੋਂ ਮੁੱਖ ਟਰੇਨਾਂ ਗੋਰਖਪੁਰ ਤੋਂ ਮੁੰਬਈ ਜਾਣ ਵਾਲੀ ਕੁਸ਼ੀਨਗਰ ਐਕਸਪ੍ਰੈਸ, ਲਖਨਊ ਮੇਲ, ਪ੍ਰਯਾਗਰਾਜ ਐਕਸਪ੍ਰੈਸ, ਕੋਣਾਰਕ ਐਕਸਪ੍ਰੈਸ, ਸ਼ਿਵਗੰਗਾ ਐਕਸਪ੍ਰੈਸ, ਪੁਸ਼ਪਕ ਐਕਸਪ੍ਰੈਸ, ਸ਼੍ਰਮ ਸ਼ਕਤੀ ਐਕਸਪ੍ਰੈਸ, ਤੇਲੰਗਾਨਾ ਐਕਸਪ੍ਰੈਸ, ਹਾਵੜਾ-ਮੁੰਬਈ ਮੇਲ, ਚੰਪਾਰਣ ਸੱਤਿਆਗ੍ਰਹਿ ਐਕਸਪ੍ਰੈਸ, ਗੋਰਖਧਾਮ ਐਕਸਪ੍ਰੈਸ ਆਦਿ ਹਨ।