ਪੰਜਾਬ ''ਚ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ, ਰੇਲਵੇ ਨੂੰ ਪਿਆ ਵੱਡਾ ਘਾਟਾ
Wednesday, Nov 04, 2020 - 03:00 PM (IST)
ਨਵੀਂ ਦਿੱਲੀ (ਭਾਸ਼ਾ)— ਪੰਜਾਬ ਵਿਚ ਖੇਤੀ ਕਾਨੂੰਨਾਂ ਦੇ ਖ਼ਿਲਾਫ਼ 32 ਥਾਵਾਂ 'ਤੇ ਰੇਲ ਪਟੜੀਆਂ 'ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਚੱਲਦੇ ਰੇਲਵੇ ਨੂੰ ਲੱਗਭਗ 1200 ਕਰੋੜ ਰੁਪਏ ਦਾ ਘਾਟਾ ਪਇਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੇਲਵੇ ਦੇ ਅੰਕੜਿਆਂ ਮੁਤਾਬਕ ਪ੍ਰਦਰਸ਼ਨਾਂ ਕਾਰਨ ਜਾਰੀ ਨਾਕੇਬੰਦੀ ਦੀ ਵਜ੍ਹਾ ਕਰ ਕੇ ਜ਼ਰੂਰੀ ਸਾਮਾਨ ਲਿਆਉਣ ਵਾਲੀਆਂ 2,225 ਤੋਂ ਵੱਧ ਮਾਲ ਗੱਡੀਆਂ ਨਹੀਂ ਚੱਲ ਸਕੀਆਂ। ਇਕ ਅਧਿਕਾਰੀ ਨੇ ਕਿਹਾ ਕਿ ਪਲੇਟਫ਼ਾਰਮਾਂ ਜਾਂ ਰੇਲ ਦੀਆਂ ਪਟੜੀਆਂ ਨੇੜੇ ਪ੍ਰਦਰਸ਼ਨਕਾਰੀਆਂ ਦਾ ਧਰਨਾ ਜਾਰੀ ਹੈ, ਜਿਸ ਦੇ ਚੱਲਦੇ ਲੱਗਭਗ 1200 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਦਿੱਲੀ 'ਚ 'ਨਵਜੋਤ ਸਿੱਧੂ' ਦੀ ਧਮਾਕੇਦਾਰ ਸਪੀਚ, ਰੱਜ ਕੇ ਠੋਕੀ ਮੋਦੀ ਸਰਕਾਰ
ਸੁਰੱਖਿਆ ਚਿੰਤਾ ਦੇ ਚੱਲਦੇ ਰੇਲਗੱਡੀਆਂ ਦੀ ਆਵਾਜਾਈ ਬੰਦ ਹੈ। ਕਿਸਾਨ ਪ੍ਰਦਰਸ਼ਨਕਾਰੀਆਂ ਵਲੋਂ ਅਚਾਨਕ ਹੀ ਕੁਝ ਰੇਲਗੱਡੀਆਂ ਨੂੰ ਰੋਕਿਆ ਗਿਆ ਅਤੇ ਵੱਖ-ਵੱਖ ਥਾਵਾਂ ਖ਼ਾਸ ਰੂਪ ਨਾਲ ਜੰਡਿਆਲਾ, ਨਾਭਾ, ਤਲਵੰਡੀ ਸਾਬੋ ਅਤੇ ਬਠਿੰਡਾ ਦੇ ਆਲੇ-ਦੁਆਲੇ ਨਾਕੇਬੰਦੀ ਜਾਰੀ ਹੈ। ਅਧਿਕਾਰੀ ਨੇ ਕਿਹਾ ਕਿ ਪੰਜਾਬ ਵਿਚ ਰੇਲ ਪਟੜੀਆਂ ਦੇ ਕੁਝ ਹਿੱਸਿਆਂ ਵਿਚ ਜਾਰੀ ਨਾਕੇਬੰਦੀ ਦੇ ਚੱਲਦੇ ਮਾਲ ਗੱਡੀਆਂ ਦੀ ਆਵਾਜਾਈ ਠੱਪ ਰਹੀ। ਜਿਸ ਕਾਰਨ ਖੇਤੀ, ਉਦਯੋਗ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਖੇਤਰ ਲਈ ਜ਼ਰੂਰੀ ਸਾਮਾਨਾਂ ਦੀ ਉਪਲੱਬਧਤਾ 'ਤੇ ਕਾਫੀ ਅਸਰ ਪਿਆ ਹੈ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਨੇ ਪੰਜਾਬ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ: ਕੈਪਟਨ
ਦੱਸ ਦੇਈਏ ਕਿ ਰੇਲ ਮੰਤਰੀ ਪਿਊਸ਼ ਗੋਇਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਰੇਲ ਗੱਡੀਆਂ ਦੀ ਆਵਾਜਾਈ ਮੁੜ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਰੇਲ ਦੀਆਂ ਪਟੜੀਆਂ ਅਤੇ ਸੰਚਾਲਨ ਕਾਮਿਆਂ ਦੀ ਸੁਰੱਖਿਆ ਦਾ ਭਰੋਸਾ ਮੰਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੇਂਦਰੀ ਖੇਤੀ ਕਾਨੂੰਨਾਂ ਦੇ ਸਬੰਧ ਵਿਚ ਆਪਣੀ ਅਗਵਾਈ 'ਚ ਇਕ ਵਫ਼ਦ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਣਾ ਚਾਹੁੰਦੇ ਸਨ, ਜਿਸ ਦੀ ਆਗਿਆ ਨਹੀਂ ਮਿਲੀ। ਲਿਹਾਜ਼ਾ ਬੁੱਧਵਾਰ ਯਾਨੀ ਕਿ ਅੱਜ ਦਿੱਲੀ ਵਿਖੇ ਰਾਜਘਾਟ 'ਤੇ ਕਾਂਗਰਸ ਵਿਧਾਇਕਾਂ ਦੇ ਧਰਨੇ ਦੀ ਅਗਵਾਈ ਕੀਤੀ।
ਇਹ ਵੀ ਪੜ੍ਹੋ: ਜੰਤਰ-ਮੰਤਰ 'ਤੇ ਗਰਜੇ ਸੁਖਪਾਲ ਖਹਿਰਾ, ਭਾਜਪਾ ਸਣੇ ਅਕਾਲੀ ਦਲ ਤੇ 'ਆਪ' 'ਤੇ ਮੜ੍ਹੇ ਵੱਡੇ ਦੋਸ਼