ਕੋਰੋਨਾ ਦਾ ਕਹਿਰ : ਸਟੇਸ਼ਨਾਂ 'ਤੇ ਭੀੜ ਘਟਾਉਣ ਲਈ ਰੇਲਵੇ ਨੇ ਲਿਆ ਵੱਡਾ ਫੈਸਲਾ

Tuesday, Mar 17, 2020 - 05:14 PM (IST)

ਕੋਰੋਨਾ ਦਾ ਕਹਿਰ : ਸਟੇਸ਼ਨਾਂ 'ਤੇ ਭੀੜ ਘਟਾਉਣ ਲਈ ਰੇਲਵੇ ਨੇ ਲਿਆ ਵੱਡਾ ਫੈਸਲਾ

ਨਵੀਂ ਦਿੱਲੀ — ਯਾਤਰੀਆਂ ਨੂੰ ਕੋਰੋਨਾ ਦੀ ਮਾਰ ਤੋਂ ਬਚਾਉਣ ਲਈ ਰੇਲਵੇ ਪ੍ਰਸ਼ਾਸਨ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਖਤਰਨਾਕ ਵਾਇਰਸ ਨਾ ਫੈਲੇ ਇਸ ਲਈ ਲਗਾਤਾਰ ਵਿਭਾਗ ਵਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਤਹਿਤ ਕਈ ਰੇਲਵੇ ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟ ਦੀ ਕੀਮਤ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਯਾਨੀ ਕਿ ਹੁਣ ਪਲੇਟਫਾਰਮ ਟਿਕਟ ਖਰੀਦਣ ਲਈ ਤੁਹਾਨੂੰ 50 ਰੁਪਏ ਖਰਚ ਕਰਨੇ ਪੈਣਗੇ। ਭੀੜ ਨੂੰ ਘਟਾਉਣ ਲਈ ਵਿਭਾਗ ਵਲੋਂ ਇਹ ਫੈਸਲਾ ਲਿਆ ਗਿਆ ਹੈ। 

ਦਰਅਸਲ ਕੋਰੋਨਾ ਭੀੜ ਵਾਲੀ ਥਾਂ 'ਤੇ ਤੇਜ਼ੀ ਨਾਲ ਪੈਰ ਪਸਾਰਦਾ ਹੈ। ਰੇਲਵੇ ਸਟੇਸ਼ਨ ਇਕ ਅਜਿਹੀ ਥਾਂ ਹੁੰਦੀ ਹੈ ਜਿਥੇ ਬਹੁਤ ਵੱਡੀ ਸੰਖਿਆ 'ਚ ਲੋਕ ਇਕੱਠੇ ਹੁੰਦੇ ਹਨ। ਯਾਤਰੀਆਂ ਤੋਂ ਇਲਾਵਾ ਸਟੇਸ਼ਨ 'ਤੇ ਆਪਣਿਆਂ ਨੂੰ ਛੱਡਣ ਜਾਂ ਰਿਸੀਵ ਕਰਨ ਵਾਲਿਆਂ ਦੀ ਵੀ ਵੱਡੀ ਸੰਖਿਆ ਦੇਖੀ ਜਾਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਪਲੇਟਫਾਰਮ ਟਿਕਟ ਦੀ ਕੀਮਤ ਵਧਾਉਣ ਨਾਲ ਸਟੇਸ਼ਨ 'ਤੇ ਲੱਗਣ ਵਾਲੀ ਭੀੜ 'ਚ ਕਮੀ ਆ ਸਕਦੀ ਹੈ। ਸੂਤਰਾਂ ਅਨੁਸਾਰ ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਕਈ ਸਟੇਸ਼ਨਾਂ ਦੇ ਪਲੇਟਫਾਰਮ ਟਿਕਟ ਦੀ ਕੀਮਤ 10 ਰੁਪਏ ਤੋਂ ਵਧਾ ਕੇ 50 ਰੁਪਏ ਕਰ ਦਿੱਤੀ ਗਈ ਹੈ ਅਤੇ ਬਹੁਤ ਜਲਦੀ ਹੀ ਬਾਕੀ ਦੇ ਸੂਬਿਆਂ 'ਚ ਵੀ ਇਹ ਕਦਮ ਚੁੱਕਿਆ ਜਾ ਸਕਦਾ ਹੈ।

PunjabKesari

ਜ਼ਿਕਰਯੋਗ ਹੈ ਕਿ ਕੋਰੋਨਾ ਦੇ ਡਰ ਨਾਲ ਰੇਲਵੇ ਵਿਭਾਗ ਨੇ ਹਰੇਕ ਡਿਵੀਜ਼ਨ ਦੇ ਡੱਬੇ ਦੇ ਅੰਦਰੋਂ ਪੂਰੀ ਤਰ੍ਹਾਂ ਸਫਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਰੇਲਵੇ ਸਾਰੇ ਡੱਬਿਆਂ ਦੀ ਸਫਾਈ ਕੀਟਨਾਸ਼ਕਾਂ ਨਾਲ ਕਰਵਾ ਰਿਹਾ ਹੈ। ਰੱਖ-ਰਖਾਅ ਦੌਰਾਨ ਈ.ਐਮ.ਯੂ. ਅਤੇ ਡੇਮੋ ਕੋਚ 'ਚ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਸਾਰੇ ਯਾਤਰੀਆਂ ਨੂੰ ਧੋਤੇ ਹੋਏ ਬੈੱਡਸ਼ੀਟ ਅਤੇ ਕੰਬਲ ਦਿੱਤੇ ਜਾ ਰਹੇ ਹਨ।


Related News