ਮਾਸਕ ਪਹਿਨਿਆ, ਹੱਥ ਸੈਨੇਟਾਈਜ਼ ਨੇ ਤਾਂ ਹੀ ਕਰ ਸਕੋਗੇ ਟਰੇਨ ਦੀ ਯਾਤਰਾ

05/11/2020 5:20:24 PM

ਨਵੀਂ ਦਿੱਲੀ (ਵਾਰਤਾ)— ਕੇਂਦਰੀ ਗ੍ਰਹਿ ਮੰਤਰਾਲਾ ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦਿਆਂ ਟਰੇਨ ਤੋਂ ਲੋਕਾਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਲਈ ਸਟੈਂਡਰਡ ਓਪਰੇਟਿੰਗ ਪ੍ਰੋਟੋਕਾਲ (ਐੱਸ. ਓ. ਪੀ.) ਜਾਰੀ ਕੀਤਾ ਹੈ। ਕੇਂਦਰੀ ਗ੍ਰਹਿ ਸਕੱਤਰ ਵਲੋਂ ਜਾਰੀ ਸਾਰੇ ਸੂਬਿਆਂ ਨੂੰ ਭੇਜੇ ਗਏ ਇਕ ਹੁਕਮ ਵਿਚ ਕਿਹਾ ਗਿਆ ਹੈ ਕਿ ਟਰੇਨਾਂ ਵਿਚ ਯਾਤਰਾ ਕਰਨ ਲਈ ਸਾਰੇ ਯਾਤਰੀਆਂ ਨੂੰ ਐੱਸ. ਓ. ਪੀ. ਦਾ ਪਾਲਣ ਕਰਨਾ ਹੋਵੇਗਾ। ਇਸ ਦੇ ਤਹਿਤ ਸਿਰਫ ਕੰਫਰਮ ਈ-ਟਿਕਟ 'ਤੇ ਹੀ ਯਾਤਰੀਆਂ ਦੀ ਆਵਾਜਾਈ ਅਤੇ ਰੇਲਵੇ ਸਟੇਸ਼ਨ 'ਚ ਉਨ੍ਹਾਂ ਦੀ ਐਂਟਰੀ ਦੀ ਇਜਾਜ਼ਤ ਹੋਵੇਗੀ।

ਸਾਰੇ ਯਾਤਰੀਆਂ ਦੀ ਜ਼ਰੂਰੀ ਰੂਪ ਨਾਲ ਮੈਡੀਕਲ ਜਾਂਚ ਕੀਤੀ ਜਾਵੇਗੀ ਅਤੇ ਸਿਰਫ ਅਜਿਹੇ ਵਿਅਕਤੀਆਂ ਨੂੰ ਹੀ ਯਾਤਰਾ ਦੀ ਆਗਿਆ ਹੋਵੇਗੀ, ਜਿਨ੍ਹਾਂ ਵਿਚ ਇਸ ਰੋਗ ਦਾ ਕੋਈ ਵੀ ਲੱਛਣ ਨਹੀਂ ਹੋਵੇਗਾ। ਯਾਤਰਾ ਦੌਰਾਨ ਅਤੇ ਰੇਲਵੇ ਸਟੇਸ਼ਨਾਂ 'ਤੇ ਸਾਫ-ਸਫਾਈ ਸਬੰਧੀ ਪ੍ਰੋੋਟੋਕਾਲ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਦਿਸ਼ਾ-ਨਿਰਦੇਸ਼ ਦਾ ਸਖਤੀ ਨਾਲ ਪਾਲਣ ਕਰਨਾ ਹੋਵੇਗਾ।

ਸਾਰੇ ਯਾਤਰੀਆਂ ਨੂੰ ਸਟੇਸ਼ਨ 'ਤੇ ਅਤੇ ਕੋਚਾਂ 'ਚ ਐਂਟਰੀ ਅਤੇ ਨਿਕਾਸੀ ਦੀ ਥਾਂ ਹੈਂਡ ਸੈਨੇਟਾਈਜ਼ਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਹ ਯਕੀਨੀ ਕੀਤਾ ਜਾਵੇਗਾ ਕਿ ਸਾਰੇ ਯਾਤਰੀ ਐਂਟਰੀ ਕਰਨ ਅਤੇ ਯਾਤਰਾ ਦੌਰਾਨ ਮਾਸਕ ਜ਼ਰੂਰ ਪਹਿਨਣ। ਆਪਣੀ ਮੰਜ਼ਲ 'ਤੇ ਪਹੁੰਚਣ 'ਤੇ ਯਾਤਰੀਆਂ ਨੂੰ ਉਸ ਸੂਬੇ ਵਲੋਂ ਜਾਰੀ ਸਾਰੀਆਂ ਸਿਹਤ ਪ੍ਰੋਟੋਕਾਲ ਦਾ ਪਾਲਣ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਬੀਤੀ 25 ਮਾਰਚ ਤੋਂ ਲਾਗੂ ਲਾਕਡਾਊਨ ਤੋਂ ਬਾਅਦ ਰੇਲਵੇ ਪਹਿਲੀ ਵਾਰ ਯਾਤਰੀ ਟਰੇਨ ਸੇਵਾ ਸ਼ੁਰੂ ਕਰ ਰਿਹਾ ਹੈ। ਅਜੇ ਇਹ ਸੇਵਾ ਅੰਸ਼ਕ ਤੌਰ 'ਤੇ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਨਵੀਂ ਦਿੱਲੀ ਤੋਂ ਵੱਖ-ਵੱਖ ਮੰਜ਼ਲਾਂ ਲਈ 15 ਜੋੜੀ ਟਰੇਨਾਂ ਚਲਾਈਆਂ ਜਾ ਰਹੀਆਂ ਹਨ।


Tanu

Content Editor

Related News