ਓਡੀਸ਼ਾ ਰੇਲ ਹਾਦਸੇ ਮਗਰੋਂ ਚਰਚਾ 'ਚ 'ਕਵਚ ਸਿਸਟਮ', ਬਚ ਸਕਦੀਆਂ ਸਨ ਸੈਂਕੜੇ ਜਾਨਾਂ

06/03/2023 6:17:34 PM

ਨਵੀਂ ਦਿੱਲੀ (ਭਾਸ਼ਾ)- ਓਡੀਸ਼ਾ ਦੇ ਬਾਲਾਸੋਰ 'ਚ ਹੋਏ ਰੇਲ ਹਾਦਸੇ 'ਚ 288 ਯਾਤਰੀਆਂ ਦੀ ਮੌਤ ਅਤੇ ਲਗਭਗ 1 ਹਜ਼ਾਰ ਯਾਤਰੀਆਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਰੇਲਵੇ ਦੀ ਆਟੋਮੈਟਿਕ ਰੇਲ ਸੁਰੱਖਿਆ ਪ੍ਰਣਾਲੀ 'ਕਵਚ' ਚਰਚਾ 'ਚ ਆ ਗਈ ਹੈ। ਰੇਲਵੇ ਨੇ ਕਿਹਾ ਹੈ ਕਿ ਸ਼ੁੱਕਰਵਾਰ ਸ਼ਾਮ ਜਿਸ ਮਾਰਗ 'ਤੇ ਹਾਦਸਾ ਹੋਇਆ, ਉੱਥੇ 'ਕਵਚ' ਪ੍ਰਣਾਲੀ ਉਪਲੱਬਧ ਨਹੀਂ ਸੀ। ਜਦੋਂ ਲੋਕੋ ਪਾਇਲਟ ਫਾਟਕ ਪਾਰ ਕਰਦਾ ਹੈ ਤਾਂ ਇਹ ਪ੍ਰਣਾਲੀ ਉਸ ਨੂੰ ਸੁਚੇਤ ਕਰਦੀ ਹੈ। ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਸਿਗਨਲ ਪਾਰ ਕਰਦੇ ਸਮੇਂ ਰੇਲ ਗੱਡੀਆਂ ਦੀ ਟੱਕਰ ਹੁੰਦੀ ਹੈ। ਕਵਚ ਪ੍ਰਣਾਲੀ ਉਸੇ ਲਾਈਨ 'ਤੇ ਦੂਜੀ ਰੇਲ ਦੇ ਆਉਣ ਦੀ ਸਥਿਤੀ 'ਚ ਤੈਅ ਦੂਰੀ ਦੇ ਅੰਦਰ ਹੀ ਆਟੋਮੈਟਿਕ ਰੂਪ ਨਾਲ ਰੇਲ ਨੂੰ ਰੋਕ ਸਕਦੀ ਹੈ। 

ਜਾਣੋ ਕੀ ਹੈ 'ਕਵਚ'

ਭਾਰਤੀ ਰੇਲਵੇ ਨੇ ਚੱਲਦੀਆਂ ਰੇਲ ਗੱਡੀਆਂ ਦੀ ਸੁਰੱਖਿਆ ਵਧਾਉਣ ਲਈ 'ਕਵਚ' ਨਾਮੀ ਆਪਣੀ ਆਟੋਮੈਟਿਕ ਰੇਲ ਸੁਰੱਖਿਆ ਪ੍ਰਣਾਲੀ ਵਿਕਸਿਤ ਕੀਤੀ ਹੈ। ਕਵਚ ਨੂੰ ਤਿੰਨ ਭਾਰਤੀ ਵਿਕਰੇਤਾਵਾਂ ਦੇ ਸਹਿਯੋਗ ਨਾਲ ਰਿਸਰਚ ਡਿਜ਼ਾਈਨ ਅਤੇ ਮਾਨਕ ਸੰਗਠਨ (ਆਰ.ਡੀ.ਐੱਸ.ਓ.) ਨੇ ਸਵਦੇਸ਼ੀ ਰੂਪ ਨਾਲ ਵਿਕਸਿਤ ਕੀਤਾ ਹੈ। ਕਵਚ ਨਾ ਸਿਰਫ਼ ਲੋਕੋ ਪਾਇਲਟ ਨੂੰ ਖ਼ਤਰੇ ਅਤੇ ਤੇਜ਼ ਰਫ਼ਤਾਰ ਹੋਣ 'ਤੇ ਸਿਗਨਲ ਤੋਂ ਲੰਘਣ ਤੋਂ ਬਚਣ 'ਚ ਮਦਦ ਕਰਦਾ ਹੈ ਸਗੋਂ ਸੰਘਣੀ ਧੁੰਦ ਵਰਗੇ ਖ਼ਰਾਬ ਮੌਸਮ ਦੌਰਾਨ ਰੇਲ ਚਲਾਉਣ 'ਚ ਵੀ ਮਦਦ ਕਰਦਾ ਹੈ। ਇਸ ਤਰ੍ਹਾਂ ਕਵਚ ਰੇਲ ਸੰਚਾਲਨ ਦੀ ਸੁਰੱਖਿਆ ਅਤੇ ਕੁਸ਼ਲਤਾ ਨੂੰ ਵਧਾਉਂਦਾ ਹੈ। 

'ਕਵਚ' ਦੀਆਂ ਮੁੱਖ ਵਿਸ਼ੇਸ਼ਤਾਵਾਂ

  • ਜੇਕਰ ਲੋਕੋ ਪਾਇਲਟ ਬਰੇਕ ਲਗਾਉਣ 'ਚ ਅਸਫ਼ਲ ਰਹਿੰਦਾ ਹੈ ਤਾਂ ਕਵਚ ਪ੍ਰਣਾਲੀ ਦੇ ਅਧੀਨ ਆਟੋਮੈਟਿਕ ਰੂਪ ਨਾਲ ਬਰੇਕ ਲੱਗ ਜਾਂਦੀ ਹੈ, ਜਿਸ ਨਾਲ ਗਤੀ ਕੰਟਰੋਲ ਹੋ ਜਾਂਦੀ ਹੈ। 
  • ਇਸ ਪ੍ਰਣਾਲੀ ਦੇ ਅਧੀਨ ਪੱਟੜੀ ਕੋਲ ਲੱਗੇ ਸਿਗਨਲ ਦੀ ਰੋਸ਼ਨੀ ਕੈਬਿਨ 'ਚ ਪਹੁੰਚਦੀ ਹੈ ਅਤੇ ਇਹ ਰੋਸ਼ਨੀ ਧੁੰਦ ਦੇ ਮੌਸਮ 'ਚ ਬਹੁਤ ਉਪਯੋਗੀ ਹੁੰਦੀ ਹੈ। 
  • ਇਸ ਪ੍ਰਣਾਲੀ ਨਾਲ ਰੇਲ ਗੱਡੀ ਦੀ ਆਵਾਜਾਈ ਦੀ ਨਿਗਰਾਨੀ ਵਾਲੇ ਨੂੰ ਰੇਲ ਗੱਡੀ ਬਾਰੇ ਲਗਾਤਾਰ ਜਾਣਕਾਰੀ ਮਿਲਦੀ ਰਹਿੰਦੀ ਹੈ। ਸਿਗਨਲ 'ਤੇ ਆਪਣੇ ਆਪ ਸੀਟੀ ਵੱਜਦੀ ਹੈ। 
  • ਲੋਕ ਤੋਂ ਲੋਕੋ ਦਰਮਿਆਨ ਸਿੱਧੇ ਸੰਚਾਰ ਰਾਹੀਂ ਰੇਲ ਗੱਡੀਆਂ ਦੀ ਟੱਕਰ ਦਾ ਖ਼ਦਸ਼ਾ ਘੱਟ ਹੋ ਜਾਂਦਾ ਹੈ। 
  • ਜੇਕਰ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਐੱਸ.ਓ.ਐੱਸ. ਦੇ ਮਾਧਿਅਮ ਨਾਲ ਨੇੜੇ-ਤੇੜੇ ਚੱਲ ਰਹੀਆਂ ਟਰੇਨਾਂ ਨੂੰ ਕੰਟਰੋਲ ਕੀਤਾ ਜਾਂਦਾ ਹੈ। 
  • ਕਵਚ ਦਾ ਪ੍ਰੀਖਣ ਦੱਖਣ ਮੱਧ ਰੇਲਵੇ ਦੇ ਲਿੰਗਮਪੱਲੀ-ਵਿਕਾਰਾਬਾਦ-ਵਾਡੀ ਅਤੇ ਵਿਕਾਰਾਬਾਦ-ਬੀਦਰ ਸੈਕਸ਼ਨ 'ਤੇ ਕੀਤਾ ਗਿਆ ਸੀ, ਜਿਸ 'ਚ 250 ਕਿਲੋਮੀਟਰ ਦੀ ਦੂਰ ਤੈਅ ਕੀਤੀ ਗਈ ਸੀ। 
  • ਕਵਚ ਪ੍ਰਣਾਲੀ ਤਿਆਰ ਕਰਨ 'ਚ ਕੁੱਲ 16.88 ਕਰੋੜ ਰੁਪਏ ਖਰਚ ਕੀਤੇ ਗਏ ਹਨ।

DIsha

Content Editor

Related News