ਰਾਹੁਲ ਨੇ ਪਟਨਾ ਦੇ ਸਿਨੇਮਾ ਹਾਲ ’ਚ ਦੇਖੀ ਫਿਲਮ ‘ਫੂਲੇ’
Friday, May 16, 2025 - 11:31 AM (IST)

ਪਟਨਾ (ਯੂ. ਐੱਨ. ਆਈ.) – ਬਿਹਾਰ ਦੇ ਦਰਭੰਗਾ ਵਿਚ ‘ਸਿੱਖਿਆ ਨਿਆਂ ਸੰਵਾਦ’ ਪ੍ਰੋਗਰਾਮ ਵਿਚ ਵਿਦਿਆਰਥੀਆਂ ਦੇ ਅਧਿਕਾਰਾਂ ਲਈ ਲੜਨ ਦਾ ਭਰੋਸਾ ਦੇਣ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪਾਰਟੀ ਦੇ ਸੀਨੀਅਰ ਨੇਤਾਵਾਂ, ਸਮਾਜਿਕ ਵਰਕਰਾਂ ਅਤੇ ਬੁੱਧੀਜੀਵੀਆਂ ਨਾਲ ਪਟਨਾ ਦੇ ਸਿਨੇਮਾ ਹਾਲ ਵਿਚ ਹਿੰਦੀ ਫਿਲਮ ‘ਫੂਲੇ’ ਦੇਖੀ।
ਰਾਹੁਲ ਗਾਂਧੀ ਦਰਭੰਗਾ ਤੋਂ ਪਟਨਾ ਆਉਣ ਮਗਰੋਂ ਹਵਾਈ ਅੱਡੇ ਤੋਂ ਸਿੱਧੇ ਇਕ ਮਾਲ ਵਿਚ ਫਿਲਮ ਦੇਖਣ ਪੁੱਜੇ। ਉਨ੍ਹਾਂ ਲਈ ਉਥੇ ਹਿੰਦੀ ਫਿਲਮ ‘ਫੂਲੇ’ ਦਾ ਵਿਸ਼ੇਸ਼ ਸ਼ੋਅ ਰੱਖਿਆ ਗਿਆ ਸੀ। ਇਹ ਫਿਲਮ ਸਮਾਜ ਸੁਧਾਰਕ ਜੋਤਿਬਾ ਫੂਲੇ ’ਤੇ ਆਧਾਰਿਤ ਹੈ, ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਦੇਸ਼ ਵਿਚ ਜਾਤੀਵਾਦ ਖਿਲਾਫ ਲੜਾਈ ਲੜੀ ਸੀ। ਕਾਂਗਰਸ ਨੇਤਾ ਨਾਲ ਫਿਲਮ ਦਾ ਆਨੰਦ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸਮਾਜਿਕ ਵਰਕਰਾਂ ਨੇ ਵੀ ਲਿਆ। ਪਟਨਾ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੋਅ ਦੀਆਂ ਟਿਕਟਾਂ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿਚ ਵਰਕਰਾਂ ਨੂੰ ਸਿਨੇਮਾ ਹਾਲ ਵਿਚ ਦਾਖਲ ਨਹੀਂ ਹੋਣ ਦਿੱਤਾ। ਇਸ ਤੋਂ ਨਾਰਾਜ਼ ਵਰਕਰਾਂ ਨੇ ਖੂਬ ਹੰਗਾਮਾ ਕੀਤਾ।