ਵਿਸ਼ਵਨਾਥ ਦੇ ਦਰਸ਼ਨਾਂ ਦੌਰਾਨ ਫੋਟੋ ਖਿੱਚਣ ਦੀ ਇਜਾਜ਼ਤ ਨਾ ਮਿਲਣ ’ਤੇ ਭੜਕੇ ਰਾਹੁਲ
Sunday, Feb 18, 2024 - 10:53 AM (IST)
ਨਵੀਂ ਦਿੱਲੀ- ਭਾਰਤ ਜੋੜੋ ਨਿਆਂ ਯਾਤਰਾ 'ਤੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਪਹੁੰਚੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਬਾਬਾ ਕਾਸ਼ੀ ਵਿਸ਼ਵਨਾਥ ਜੀ ਦੇ ਦਰਸ਼ਨ ਕਰ ਕੇ ਜਲਾਭਿਸ਼ੇਕ ਕੀਤਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਬਾਬਾ ਦੇ ਦਰਸ਼ਨ ਕਰਨ ਸਮੇਂ ਫੋਟੋ ਖਿਚਵਾਉਣ ਦੀ ਇਜਾਜ਼ਤ ਨਹੀਂ ਦਿੱਤੀ।
ਰਾਹੁਲ ਨੇ ਕਿਹਾ ਅੱਜ ਸਵੇਰੇ ਕਰੀਬ 10.30 ਵਜੇ ਕਾਸ਼ੀ ’ਚ ਬਾਬਾ ਵਿਸ਼ਵਨਾਥ ਮੰਦਰ ’ਚ ਦਰਸ਼ਨ ਅਤੇ ਜਲਾਭਿਸ਼ੇਕ ਕੀਤਾ। ਆਖਰੀ ਸਮੇਂ ’ਤੇ ਸਾਡੇ ਕੈਮਰੇ ਨੂੰ ਮੰਦਰ ’ਚ ਦਾਖਲ ਹੋਣ ਦੀ ਦਿੱਤੀ ਗਈ ਇਜਾਜ਼ਤ ਰੱਦ ਕਰ ਦਿੱਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਮੰਦਰ ਦੇ ਕੈਮਰਾਮੈਨ ਵੱਲੋਂ ਖਿੱਚੀ ਗਈ ਫੋਟੋ ਸਾਂਝੀ ਕੀਤੀ ਜਾਵੇਗੀ ਪਰ ਸਾਢੇ ਤਿੰਨ ਘੰਟੇ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਫੋਟੋ ਉਪਲੱਬਧ ਨਹੀਂ ਕਰਵਾਈ ਗਈ।
ਰਾਹੁਲ ਨੇ ਕਿਹਾ ਕਿ ਫਿਰ ਕਰੀਬ 7 ਫੋਟੋਆਂ ਭੇਜੀਆਂ ਗਈਆਂ, ਜਿਨ੍ਹਾਂ ਵਿਚੋਂ ਇਕ ਵੀ ਦਰਸ਼ਨ ਕਰਨ ਦੀ ਨਹੀਂ ਸੀ, ਭਾਵੇਂ ਕਿ ਮੰਦਰ ਦੇ ਕੈਮਰਾਮੈਨ ਨੇ ਫੋਟੋ ਖਿੱਚੀ ਸੀ। ਅਜਿਹਾ ਕਰ ਕੇ ਵਾਰਾਣਸੀ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਇਹ ਦਿੱਲੀ ’ਚ ਬੈਠੇ ‘ਕੈਮਰਾਜੀਵੀ’ ਦੇ ਮੁਲਾਜ਼ਮਾਂ ਤੋਂ ਵੱਧ ਕੁਝ ਨਹੀਂ ਹੈ। ਕਾਂਗਰਸ ਨੇਤਾ ਨੇ ਖ਼ੁਦ ਨੂੰ ਸ਼ਿਵ ਭਗਤ ਦੱਸਦੇ ਹੋਏ ਫੋਟੋ ਖਿੱਚਣ ਦੀ ਇਜਾਜ਼ਤ ਨਾ ਦੇਣ ਨੂੰ ਮਾਮੂਲੀ ਰਾਜਨੀਤੀ ਕਰਾਰ ਦਿੱਤਾ ਹੈ। ਯਾਦ ਰਹੇ ਸ਼ਿਵ ਭਗਤ ਨੂੰ ਨਾ ਉਨ੍ਹਾਂ ਦੇ ਸੰਕਲਪ ਤੋਂ, ਨਾ ਨਿਆਂ ਦੇ ਇਸ ਮਹਾਸਗਰਾਮ ਨਾਲ ਕੋਈ ਤਾਕਤ ਰੋਕ ਸਕਦੀ ਹੈ। ਬਾਬਾ ਵਿਸ਼ਵਨਾਥ ਸਾਰਿਆਂ ਦਾ ਭਲਾ ਕਰੇ।