ਸਮਾਰਟ ਸਿਟੀ ਦਾ ਦਰਜਾ ਮਿਲਣ ਦੇ ਬਾਵਜੂਦ ਸੁਲਤਾਨਪੁਰ ਲੋਧੀ ’ਚ ਟ੍ਰੈਫਿਕ ਸਮੱਸਿਆ ਜਿਉਂ ਦੀ ਤਿਉਂ!
Friday, Jan 17, 2025 - 05:02 AM (IST)
ਸੁਲਤਾਨਪੁਰ ਲੋਧੀ (ਧੀਰ) - ਆਖਿਰ ਕਦੋਂ ਸੁਧਰੇਗੀ ਪਾਵਨ ਨਗਰੀ ਦੀ ਟ੍ਰੈਫਿਕ ਸਮੱਸਿਆ?, ਇਹ ਸਵਾਲ ਹਰੇਕ ਨਾਗਰਿਕ ਦੇ ਮਨ ’ਚ ਬੀਤੇ ਕਈ ਸਾਲਾਂ ਤੋਂ ਪਣਪਦਾ ਆ ਰਿਹਾ ਹੈ। ਸਮਾਰਟ ਸਿਟੀ ਦਾ ਦਰਜਾ ਦੇਣ ਦੇ ਬਾਵਜੂਦ ਵੀ ਇਹ ਸਮੱਸਿਆ ਦਾ ਹੱਲ ਅਖਿਰ ਪ੍ਰਸ਼ਾਸਨ ਤੋਂ ਕਿਉਂ ਨਹੀਂ ਹੋ ਰਿਹਾ। ਨਗਰ ਕੌਂਸਲ ਵੀ ਨਾਜਾਇਜ਼ ਕਬਜ਼ਿਆਂ ਨੂੰ ਛਡਾਉਣ ਦੀ ਕਾਰਵਾਈ ਸਿਰਫ ਮੀਡੀਆ ਵਿਚ ਖਬਰ ਛਾਪਣ ਤੋਂ ਬਾਅਦ ਅੱਖਾਂ ਨੂੰ ਪੂੰਝਣ ਦਾ ਕੰਮ ਕਰਦੀ ਹੈ ਅਤੇ ਫਿਰ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਖਬਰ ਅਖਬਾਰਾਂ ਰਾਹੀਂ ਛੁਪਵਾ ਕੇ ਖਾਨਾਪੂਰਤੀ ਕਰ ਲੈਂਦੀ ਹੈ ਪਰ ਸਮੱਸਿਆ ਨੂੰ ਹੱਲ ਕਰਨ ਦੇ ਵੱਲ ਗੰਭੀਰਤਾ ਨਾਲ ਨਹੀਂ ਧਿਆਨ ਦਿੱਤਾ ਜਾ ਰਿਹਾ, ਜਿਸ ਕਾਰਨ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਅਤੇ ਦੂਰ ਦੁਰੇਡੇ ਤੋਂ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਆਉਂਦੀਆਂ ਸੰਗਤਾਂ ਵਿਚ ਵੀ ਪ੍ਰਸ਼ਾਸਨ ਪ੍ਰਤੀ ਬਹੁਤ ਰੋਸ ਪਾਇਆ ਜਾ ਰਿਹਾ ਹੈ।
ਟ੍ਰੈਫਿਕ ਜਾਮ ਦੀ ਇਸ ਸਮੱਸਿਆ ਲਈ ਪੁਲਸ ਪ੍ਰਸ਼ਾਸਨ ਵੱਲੋਂ ਵੀ ਬਹੁਤ ਜ਼ੋਰ ਅਜਮਾਇਸ਼ ਕੀਤੀ ਜਾ ਚੁੱਕੀ ਹੈ ਅਤੇ ਇਹ ਕਾਰਵਾਈ ਵੀ ਸਿਰਫ ਇਕ ਜਾਂ ਦੋ ਦਿਨ ਹੀ ਵਿਖਾਈ ਦਿੰਦੀ ਹੈ। ਟ੍ਰੈਫਿਕ ਜਾਮ ਦੀ ਇਸ ਸਮੱਸਿਆ ਲਈ ਜਿੱਥੇ ਅਸੀਂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਾਂ, ਉੱਥੇ ਇਸ ਲਈ ਸਭ ਤੋਂ ਵੱਡੀ ਸਮੱਸਿਆ ਸਾਡੇ ਵੱਲੋਂ ਵੀ ਪੈਦਾ ਕੀਤੀ ਹੋਈ ਹੈ। ਪਹਿਲਾਂ ਤਾਂ ਦੁਕਾਨਾਂ ਦੇ ਅੱਗੇ ਦੁਕਾਨਦਾਰਾਂ ਨੇ ਸਾਮਾਨ ਰੱਖ ਕੇ 3-4 ਫੁੱਟ ਤੱਕ ਕਬਜ਼ੇ ਕੀਤੇ ਹੋਏ ਹਨ ਤੇ ਫਿਰ ਬਾਕੀ ਕਸਰ ਇਸ ਤੋਂ ਬਾਅਦ ਦੁਕਾਨਾਂ ਦੇ ਅੱਗੇ ਖੜੀਆਂ ਰੇਹੜੀਆਂ ਪੂਰਾ ਕਰ ਦਿੰਦੀਆਂ ਹਨ। ਕਈ ਦੁਕਾਨਦਾਰਾਂ ਵੱਲੋਂ ਤਾਂ ਆਪਣੀ ਦੁਕਾਨਾਂ ਦੇ ਅੱਗੇ ਰੇਹੜੀਆਂ ਲਗਾਉਣ ਲਈ ਰੇਹੜੀ ਵਾਲਿਆਂ ਤੋਂ ਮਹੀਨਾ ਵੀ ਵਸੂਲਿਆ ਜਾਂਦਾ ਹੈ, ਜਿਸ ਪਾਸੇ ਹਾਲੇ ਤੱਕ ਕਿਸੇ ਨੇ ਵੀ ਕੋਈ ਕਾਰਵਾਈ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ।
ਆਰੀਆ ਸਮਾਜ ਚੌਂਕ ਪੁਰਾਣਾ, ਸਿਵਲ ਹਸਪਤਾਲ ਰੋਡ, ਛੱਤੀ ਗਲੀ, ਤਲਵੰਡੀ ਪੁੱਲ, ਬੀ. ਡੀ. ਪੀ. ਓ. ਦਫਤਰ ਰੋਡ, ਚੌਂਕ ਚੇਲਿਆਂ, ਸਦਰ ਬਾਜ਼ਾਰ ਹਰੇਕ ਪਾਸੇ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਇਹ ਸਮੱਸਿਆ ਸ਼ਾਮ ਹੋਣ ਸਮੇਂ ਹੋਰ ਗੰਭੀਰ ਹੋ ਜਾਂਦੀ ਹੈ, ਜਿਸ ਦੌਰਾਨ ਕੋਈ ਵੀ ਸ਼ਰਾਰਤੀ ਤੱਤ ਬੇਖੌਫ ਆਪਣੀ ਕਾਰਵਾਈ ਨੂੰ ਅੰਜਾਮ ਦੇ ਕੇ ਇਸ ਭੀੜ ਵਿਚੋਂ ਬਚ ਕੇ ਆਸਾਨੀ ਨਾਲ ਜਾ ਸਕਦੇ ਹਨ। ਆਖਿਰ ਕੀ ਕਾਰਨ ਹੈ ਕਿ ਇਹ ਸਮੱਸਿਆ ਵੱਲ ਪ੍ਰਸ਼ਾਸਨ ਗੰਭੀਰ ਕਿਉਂ ਨਹੀਂ ਹੈ। ਕੀ ਇਸ ਵਿਚ ਰਾਜਨੀਤਿਕ ਦਖਲ ਅੰਦਾਜ਼ੀ ਦੀ ਮਜਬੂਰੀ ਆਉਂਦੀ ਹੈ ਜਾਂ ਹੋਰ ਕੁਝ ਇਸ ਸਵਾਲ ਦਾ ਜਵਾਬ ਪ੍ਰਸ਼ਾਸਨ ਨੂੰ ਦੇਣਾ ਹੀ ਪਵੇਗਾ।
ਕੱਪੜਾ, ਸਬਜ਼ੀ ਵਿਕ੍ਰੇਤਾ ਦੀਆਂ ਦੁਕਾਨਾਂ ਤੇ ਰੇਹੜੀ ਵਾਲੇ ਮੁੱਖ ਤੌਰ ’ਤੇ ਜ਼ਿੰਮੇਵਾਰ
ਆਰੀਆ ਸਮਾਜ ਚੌਕ, ਪੁਰਾਣਾ ਸਿਵਲ ਹਸਪਤਾਲ ਰੋਡ, ਤਲਵੰਡੀ ਪੁਲ ਚੌਕ ’ਤੇ ਸਬਜ਼ੀ ਵਿਕ੍ਰੇਵਾਂ ਵੱਲੋਂ ਆਪਣੀਆਂ ਦੁਕਾਨਾਂ ਤੋਂ ਕਾਫੀ ਅੱਗੇ ਤੱਕ ਸਬਜ਼ੀ ਨੂੰ ਖਿਲਾਰ ਕੇ ਸੜਕ ’ਤੇ ਕਬਜ਼ਾ ਕੀਤਾ ਹੋਇਆ ਹੈ। ਇਸ ਸਾਰੀ ਸੜਕ ’ਤੇ ਸਬਜ਼ੀ ਵਾਲੀ ਖੜੀ ਰੇਹੜੀਆਂ ਦੀ ਗਿਣਤੀ ਦਿਨ ਵੱਧ ਦਿਨ ਵੱਧਦੀ ਜਾ ਰਹੀ ਹੈ, ਜਿਨ੍ਹਾਂ ਦੇ ਪੁਖਤਾ ਇੰਤਜ਼ਾਮ ਲਈ ਜੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਮਿਲ ਕੇ ਸੰਜੀਦਗੀ ਨਾਲ ਹੱਲ ਕਰਨ ਤਾਂ ਇਹ ਸਮੱਸਿਆ ਕਾਫੀ ਹੱਦ ਤੱਕ ਸੁਲਝ ਸਕਦੀ ਹੈ।
ਛੱਤੀ ਗਲੀ, ਆਰੀਆ ਸਮਾਜ ਚੌਕ, ਸਿੰਘ ਭਵਾਨੀ ਮੰਦਰ ਰੋਡ ਤੇ ਸਥਿਤ ਗਾਰਮੈਂਟਸ ਦੁਕਾਨਾਂ ’ਤੇ ਜਦੋਂ ਕੋਈ ਗਾਹਕ ਆਪਣੇ ਵਾਹਨ ਖਾਸ ਤੌਰ ’ਤੇ ਕਾਰਾਂ ਵਿਚ ਆਉਂਦਾ ਹੈ ਤਾਂ ਉਹ ਆਪਣਾ ਵਾਹਨ ਦੁਕਾਨ ਦੇ ਅੱਗੇ ਖੜਾ ਕਰ ਦਿੰਦਾ ਹੈ। ਇਸ ਤਰ੍ਹਾਂ ਉਸ ਸੜਕ ’ਤੇ ਜਾਮ ਲੱਗ ਜਾਂਦਾ ਹੈ। ਟ੍ਰੈਫਿਕ ਸਮੱਸਿਆ ਦਾ ਇਹ ਵੀ ਮੁੱਖ ਕਾਰਨ ਹੈ, ਜਿਸ ਲਈ ਅਲੱਗ ਪਾਰਕਿੰਗ ਦੀ ਵਿਵਸਥਾ ਹੋਣੀ ਚਾਹੀਦੀ ਹੈ।
ਟ੍ਰੈਫਿਕ ਪੁਲਸ ਵਿੰਗ ਨਹੀਂ
ਟ੍ਰੈਫਿਕ ਸਮੱਸਿਆ ਨੂੰ ਦੂਰ ਕਰਨ ਲਈ ਹਰੇਕ ਸ਼ਹਿਰ ’ਚ ਪੁਲਸ ਟ੍ਰੈਫਿਕ ਵਿੰਗ ਹੁੰਦੇ ਹਨ ਪ੍ਰੰਤੂ ਪਾਵਨ ਨਗਰੀ ਇਸ ਸਮੱਸਿਆ ਤੋਂ ਵੀ ਤ੍ਰਸਤ ਹੈ, ਜਿੱਥੇ ਹਾਲੇ ਤੱਕ ਕੋਈ ਵੀ ਟ੍ਰੈਫਿਕ ਵਿੰਗ ਨਹੀਂ ਹੈ। ਜੇ ਇਨ੍ਹਾਂ ਚੌਕਾਂ ਵਿਚ ਟ੍ਰੈਫਿਕ ਪੁਲਸ ਪੱਕੇ ਤੌਰ ’ਤੇ ਖੜੇ ਹੋਣ ਅਤੇ ਆਵਾਜਾਈ ਲਈ ਵਨ ਰੂਟ ਹੋਵੇ ਤਾਂ ਇਹ ਸਮੱਸਿਆ ਨੂੰ ਕਾਬੂ ਪਾਇਆ ਜਾ ਸਕਦਾ ਹੈ। ਵੇਖਦੇ ਹਾਂ ਕਿ ਇਸ ਸਮੱਸਿਆ ਨੂੰ ਪੁਲਸ ਪ੍ਰਸ਼ਾਸਨ ਕਦੋਂ ਹੱਲ ਕਰੇਗਾ।
ਧਾਰਮਿਕ ਤੇ ਸਮਾਜਿਕ ਸੇਵਾ ਸੰਗਠਨਾਂ ਦੀ ਪ੍ਰਸ਼ਾਸਨ ਨੂੰ ਅਪੀਲ
ਵੱਖ-ਵੱਖ ਧਾਰਮਿਕ ਜਥੇਬੰਦੀਆਂ ਮਾਤਾ ਸੁਲੱਖਣੀ ਸੇਵਾ ਸੋਸਾਇਟੀ, ਰਾਮਗੜੀਆ ਨੌਜਵਾਨ ਸਭਾ, ਬਜਰੰਗ ਦਲ, ਮਾਨਵ ਕਲਿਆਣ ਸੰਪਤੀ ਦੇ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਦਿਨੋਂ-ਦਿਨ ਗੰਭੀਰ ਹੋ ਰਹੀ ਟ੍ਰੈਫਿਕ ਸਮੱਸਿਆ ਨੂੰ ਜਲਦ ਤੋਂ ਜਲਦ ਦੂਰ ਕਰਕੇ ਸੰਗਤਾਂ ਤੇ ਨਗਰ ਨਿਵਾਸੀਆਂ ਨੂੰ ਰਾਹਤ ਦਿੱਤੀ ਜਾਵੇ।