ਮੋਦੀ ਨੇ ਸੰਵਿਧਾਨ ਕਦੇ ਪੜ੍ਹਿਆ ਹੀ ਨਹੀਂ : ਰਾਹੁਲ

Thursday, Nov 14, 2024 - 08:53 PM (IST)

ਮੋਦੀ ਨੇ ਸੰਵਿਧਾਨ ਕਦੇ ਪੜ੍ਹਿਆ ਹੀ ਨਹੀਂ : ਰਾਹੁਲ

ਨੰਦੂਰਬਾਰ (ਮਹਾਰਾਸ਼ਟਰ), (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੱਗਦਾ ਹੈ ਕਿ ਸੰਵਿਧਾਨ ਦੀ ‘ਲਾਲ ਕਿਤਾਬ’ ਕੋਰੀ ਹੈ, ਕਿਉਂਕਿ ਉਨ੍ਹਾਂ ਨੇ (ਮੋਦੀ ਨੇ) ਇਸ ਨੂੰ ਕਦੇ ਪੜ੍ਹਿਆ ਹੀ ਨਹੀਂ ਹੈ।

ਗਾਂਧੀ ਨੇ ਮਹਾਰਾਸ਼ਟਰ ਦੇ ਨੰਦੂਰਬਾਰ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਵਿਧਾਨ ’ਚ ਭਾਰਤ ਦੀ ਆਤਮਾ ਅਤੇ ਬਿਰਸਾ ਮੁੰਡਾ, ਡਾ. ਬੀ. ਆਰ. ਅੰਬੇਡਕਰ ਅਤੇ ਮਹਾਤਮਾ ਗਾਂਧੀ ਵਰਗੇ ‘ਰਾਸ਼ਟਰ ਨਾਇਕਾਂ’ ਵੱਲੋਂ ਕਲਪਨਾ ਕੀਤੇ ਸਿੱਧਾਂਤ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਭਾਜਪਾ ਨੂੰ ਕਿਤਾਬ ਦੇ ਲਾਲ ਰੰਗ ’ਤੇ ਇਤਰਾਜ਼ ਹੈ (ਜਿਸ ਨੂੰ ਗਾਂਧੀ ਰੈਲੀਆਂ ’ਚ ਵਿਖਾਉਂਦੇ ਰਹੇ ਹਨ) ਪਰ ਸਾਡੇ ਲਈ, ਰੰਗ ਭਾਵੇਂ ਕੋਈ ਵੀ ਹੋਵੇ, ਅਸੀਂ ਇਸ ਨੂੰ (ਸੰਵਿਧਾਨ ਨੂੰ) ਬਚਾਉਣ ਲਈ ਵਚਨਬੱਧ ਹਾਂ ਅਤੇ ਆਪਣੀ ਜਾਨ ਦੇਣ ਲਈ ਵੀ ਤਿਆਰ ਹਾਂ। ਮੋਦੀ ਜੀ ਨੂੰ ਲੱਗਦਾ ਹੈ ਕਿ ਸੰਵਿਧਾਨ ਦੀ ਕਿਤਾਬ ਕੋਰੀ ਹੈ, ਕਿਉਂਕਿ ਉਨ੍ਹਾਂ ਨੇ ਇਸ ਨੂੰ ਕਦੇ ਆਪਣੀ ਜ਼ਿੰਦਗੀ ’ਚ ਪੜ੍ਹਿਆ ਹੀ ਨਹੀਂ ਹੈ।

ਉਨ੍ਹਾਂ ਕਿਹਾ, ‘‘ਪਰ ਮੋਦੀ ਜੀ, ਇਹ ਸੰਵਿਧਾਨ ਦੀ ਕਿਤਾਬ ਕੋਰੀ ਨਹੀਂ ਹੈ। ਇਸ ’ਚ ਭਾਰਤ ਦੀ ਆਤਮਾ ਅਤੇ ਗਿਆਨ ਹੈ। ਇਸ ’ਚ ਬਿਰਸਾ ਮੁੰਡਾ, ਬੁੱਧ, ਮਹਾਤਮਾ ਫੂਲੇ, ਡਾ. ਅੰਬੇਡਕਰ, ਮਹਾਤਮਾ ਗਾਂਧੀ ਵਰਗੇ ‘ਰਾਸ਼ਟਰ ਨਾਇਕਾਂ’ ਦੇ ਸਿੱਧਾਂਤ ਸ਼ਾਮਲ ਹਨ। ਜੇ ਤੁਸੀਂ ਕਿਤਾਬ ਨੂੰ ਕੋਰੀ ਕਹਿੰਦੇ ਹੋ, ਤਾਂ ਤੁਸੀਂ ਇਨ੍ਹਾਂ ਨਾਇਕਾਂ ਦਾ ਅਪਮਾਨ ਕਰਦੇ ਹੋ।”

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਗਾਂਧੀ ਨੇ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਆਦਿਵਾਸੀਆਂ, ਦਲਿਤਾਂ ਅਤੇ ਪੱਛੜੇ ਵਰਗਾਂ ਨੂੰ ਫ਼ੈਸਲਾ ਲੈਣ ’ਚ ਨੁਮਾਇੰਦਗੀ ਮਿਲੇ। ਭਾਜਪਾ ਨੇਤਾਵਾਂ ਨੇ 20 ਨਵੰਬਰ ਨੂੰ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਲਈ ਆਪਣੀ ਮੁਹਿੰਮ ’ਚ ਗਾਂਧੀ ਵੱਲੋਂ ਵਿਖਾਈ ਜਾ ਰਹੀ ‘ਲਾਲ ਕਿਤਾਬ’ ਨੂੰ ‘ਸ਼ਹਿਰੀ ਨਕਸਲਵਾਦ’ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ।

ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਜਿਹੀਆਂ ਟਿੱਪਣੀਆਂ ਕਰ ਕੇ ‘ਰਾਸ਼ਟਰ ਨਾਇਕਾਂ’ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਆਦਿਵਾਸੀਆਂ ਨੂੰ ਆਦਿਵਾਸੀ ਦੀ ਬਜਾਏ ‘ਬਨਵਾਸੀ’ ਕਹਿ ਕੇ ਉਨ੍ਹਾਂ ਦਾ ਅਪਮਾਨ ਕਰਦੇ ਹਨ।

ਰਾਹੁਲ ਨੇ ਕਿਹਾ ਕਿ ਆਦਿਵਾਸੀ ਦੇਸ਼ ਦੇ ਪਹਿਲੇ ਮਾਲਕ ਹਨ ਅਤੇ ਜਲ, ਜੰਗਲ ਅਤੇ ਜ਼ਮੀਨ ’ਤੇ ਪਹਿਲਾ ਅਧਿਕਾਰ ਉਨ੍ਹਾਂ ਦਾ ਹੈ ਪਰ ਭਾਜਪਾ ਚਾਹੁੰਦੀ ਹੈ ਕਿ ਆਦਿਵਾਸੀ ਜੰਗਲਾਂ ’ਚ ਹੀ ਰਹਿਣ, ਉਨ੍ਹਾਂ ਕੋਲ ਕੋਈ ਅਧਿਕਾਰ ਨਾ ਹੋਵੇ। ਬਿਰਸਾ ਮੁੰਡਾ ਨੇ ਇਸ ਦੇ ਲਈ ਲੜਾਈ ਲੜੀ ਸੀ ਅਤੇ ਆਪਣਾ ਬਲੀਦਾਨ ਦਿੱਤਾ ਸੀ।

ਵਿਰੋਧੀ ਗੱਠਜੋੜ ਮਹਾਵਿਕਾਸ ਆਘਾੜੀ (ਐੱਮ. ਵੀ. ਏ.) ਦੇ ਐਲਾਨਪੱਤਰ ਦਾ ਹਵਾਲਾ ਦਿੰਦੇ ਹੋਏ ਗਾਂਧੀ ਨੇ ਕਿਹਾ ਕਿ ਔਰਤਾਂ, ਕਿਸਾਨਾਂ ਅਤੇ ਨੌਜਵਾਨਾਂ ਨੂੰ 3,000 ਰੁਪਏ ਮਹੀਨਾ ਸਹਾਇਤਾ ਅਤੇ ਮੁਫਤ ਬੱਸ ਯਾਤਰਾ, 3 ਲੱਖ ਰੁਪਏ ਤੱਕ ਦੇ ਖੇਤੀਬਾੜੀ ਕਰਜ਼ਾ ਮੁਆਫੀ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ 4,000 ਰੁਪਏ ਪ੍ਰਤੀ ਮਹੀਨਾ ਸਹਾਇਤਾ ਵਰਗੀਆਂ ਵਿਵਸਥਾਵਾਂ ਨਾਲ ਸੁਰੱਖਿਅਤ ਕੀਤਾ ਜਾਵੇਗਾ।


author

Rakesh

Content Editor

Related News