ਰਾਹੁਲ ਗਾਂਧੀ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ, ਚੁੱਕੀ ਇਹ ਮੰਗ
Tuesday, Jul 02, 2024 - 02:12 PM (IST)
ਨਵੀਂ ਦਿੱਲੀ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਦਨ 'ਚ ਦਿੱਤੇ ਆਪਣੇ ਭਾਸ਼ਣ ਦੇ ਕੁਝ ਹਿੱਸਿਆਂ ਨੂੰ ਸਦਨ ਦੀ ਕਾਰਵਾਈ ਤੋਂ ਹਟਾਏ ਜਾਣ 'ਤੇ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਕਿਹਾ ਕਿ ਇਹ ਚੁਨਿੰਦਾ ਕਾਰਵਾਈ ਹੈ, ਜੋ ਤਰਕਸੰਗਤ ਨਹੀਂ ਹੈ। ਉਨ੍ਹਾਂ ਨੇ ਬਿਰਲਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਭਾਸ਼ਣ ਦੇ ਹਟਾਏ ਗਏ ਹਿੱਸੇ ਨੂੰ ਕਾਰਵਾਈ ਦੇ ਰਿਕਾਰਡ ਵਿਚ ਮੁੜ ਸ਼ਾਮਲ ਕਰਨ। ਰਾਹੁਲ ਗਾਂਧੀ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਦੇਸ਼ ਵਿਚ ਫਿਰਕੂ ਆਧਾਰ 'ਤੇ ਵੰਡ ਪੈਦਾ ਕਰਨ ਦਾ ਦੋਸ਼ ਲਗਾਇਆ, ਜਿਸ 'ਤੇ ਸੱਤਾ ਪੱਖ ਦੇ ਮੈਂਬਰਾਂ ਨੇ ਸਖ਼ਤ ਵਿਰੋਧ ਜਤਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਪੂਰੇ ਹਿੰਦੂ ਸਮਾਜ ਨੂੰ ਹਿੰਸਕ ਕਹਿਣਾ ਬਹੁਤ ਗੰਭੀਰ ਵਿਸ਼ਾ ਹੈ।
ਰਾਹੁਲ ਗਾਂਧੀ ਨੇ ਕਿਹਾ ਸੀ ਕਿ ਹਿੰਦੂ ਕਦੇ ਹਿੰਸਾ ਨਹੀਂ ਕਰ ਸਕਦਾ, ਕਦੇ ਨਫ਼ਰਤ ਅਤੇ ਡਰ ਨਹੀਂ ਫੈਲਾ ਸਕਦਾ। ਉਨ੍ਹਾਂ ਦੇ ਭਾਸ਼ਣ ਦੇ ਕੁਝ ਅੰਸ਼ ਆਸਨ ਦੇ ਨਿਰਦੇਸ਼ਾਂ ਮੁਤਾਬਕ ਸਦਨ ਦੀ ਕਾਰਵਾਈ ਤੋਂ ਹਟਾ ਦਿੱਤੇ ਗਏ। ਬਿਰਲਾ ਨੂੰ ਲਿਖੀ ਆਪਣੀ ਚਿੱਠੀ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਚੇਅਰਮੈਨ ਨੂੰ ਸਦਨ ਦੀ ਕਾਰਵਾਈ ਤੋਂ ਕੁਝ ਟਿੱਪਣੀਆਂ ਨੂੰ ਹਟਾਉਣ ਦਾ ਅਧਿਕਾਰ ਹੈ ਪਰ ਇਹ ਸਿਰਫ ਉਨ੍ਹਾਂ ਸ਼ਬਦਾਂ ਲਈ ਹੈ, ਜਿਸ ਦੀ ਪ੍ਰਕਿਰਿਆ ਅਤੇ ਆਚਰਣ ਦੇ ਨਿਯਮ 380 ਵਿਚ ਦਰਸਾਏ ਗਏ ਹਨ। ਉਨ੍ਹਾਂ ਕਿਹਾ ਕਿ ਮੈਂ ਇਹ ਦੇਖ ਕੇ ਹੈਰਾਨ ਹਾਂ ਕਿ ਮੇਰੇ ਭਾਸ਼ਣ ਦੇ ਵੱਡੇ ਹਿੱਸੇ ਨੂੰ ਕਾਰਵਾਈ ਤੋਂ ਕਿਵੇਂ ਹਟਾ ਦਿੱਤਾ ਗਿਆ ਹੈ।
ਕਾਂਗਰਸ ਨੇਤਾ ਨੇ ਇਹ ਵੀ ਕਿਹਾ ਕਿ ਮੈਂ ਇਹ ਕਹਿਣ ਲਈ ਪਾਬੰਦ ਹਾਂ ਕਿ ਹਟਾਏ ਗਏ ਹਿੱਸੇ ਨਿਯਮ 380 ਦੇ ਦਾਇਰੇ ਵਿਚ ਨਹੀਂ ਆਉਂਦੇ ਹਨ। ਮੈਂ ਸਦਨ ਵਿਚ ਜੋ ਕਹਿਣਾ ਚਾਹੁੰਦਾ ਸੀ, ਉਹ ਜ਼ਮੀਨੀ ਹਕੀਕਤ ਅਤੇ ਤੱਥਾਂ ਦੀ ਸਥਿਤੀ ਹੈ। ਸਦਨ ਦੇ ਹਰੇਕ ਮੈਂਬਰ ਜੋ ਲੋਕਾਂ ਦੀ ਸਮੂਹਿਕ ਆਵਾਜ਼ ਦੀ ਨੁਮਾਇੰਦਗੀ ਕਰਦਾ ਹੈ, ਨੂੰ ਭਾਰਤ ਦੇ ਸੰਵਿਧਾਨ ਦੇ ਅਨੁਛੇਦ 105(1) ਵਿਚ ਪ੍ਰਗਟਾਵੇ ਦੀ ਆਜ਼ਾਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਹਰ ਮੈਂਬਰ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਦੀਆਂ ਚਿੰਤਾਵਾਂ ਨੂੰ ਉਠਾਉਣ। ਸਦਨ ਵਿਚ ਲੋਕਾਂ ਦਾ ਅਧਿਕਾਰ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਕੱਲ੍ਹ ਦੇਸ਼ ਦੇ ਲੋਕਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਲਈ ਇਸ ਅਧਿਕਾਰ ਦੀ ਵਰਤੋਂ ਕਰ ਰਿਹਾ ਸੀ, ਉਨ੍ਹਾਂ ਨੇ ਬਿਰਲਾ ਨੂੰ ਲਿਖੀ ਆਪਣੀ ਚਿੱਠੀ 'ਚ ਕਿਹਾ ਕਿ ਮੇਰੀ ਚੰਗੀ ਇਰਾਦੇ ਵਾਲੀ ਟਿੱਪਣੀ ਨੂੰ ਰਿਕਾਰਡ ਤੋਂ ਹਟਾਉਣਾ ਗੈਰ-ਸੰਸਦੀ ਹੈ।