ਆਗਰਾ ਦੇ ਹਸਪਤਾਲ ’ਚ 22 ਮਰੀਜ਼ਾਂ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ’ਤੇ ਤੁਰੰਤ ਕਾਰਵਾਈ ਹੋਵੇ: ਰਾਹੁਲ
Tuesday, Jun 08, 2021 - 02:56 PM (IST)
ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਗਰਾ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਕੁਝ ਹਫ਼ਤੇ ਪਹਿਲਾਂ ਆਕਸੀਜਨ ਦੀ ਮੌਕ ਡਰਿਲ ਦੌਰਾਨ 22 ਮਰੀਜ਼ਾਂ ਦੀ ਮੌਤ ਹੋਣ ਸਬੰਧੀ ਖ਼ਬਰ ਨੂੰ ਲੈ ਕੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ’ਤੇ ਨਿਸ਼ਾਨਾ ਵਿੰਨਿ੍ਹਆ। ਉਨ੍ਹਾਂ ਨੇ ਕਿਹਾ ਕਿ ਇਸ ਖ਼ਤਰਨਾਕ ਅਪਰਾਧ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਜਿਸ ਖ਼ਬਰ ਦਾ ਹਵਾਲਾ ਦਿੱਤਾ, ਉਸ ’ਚ ਕਥਿਤ ਵੀਡੀਓ ਦੇ ਆਧਾਰ ’ਤੇ ਕਿਹਾ ਗਿਆ ਹੈ ਕਿ 26 ਅਪ੍ਰੈਲ ਨੂੰ ਆਕਸੀਜਨ ਦੀ ਮੌਕ ਡਰਿਲ ਦੌਰਾਨ 22 ਮਰੀਜ਼ਾਂ ਦੀ ਮੌਤ ਹੋ ਗਈ ਸੀ।
ਕਾਂਗਰਸ ਨੇਤਾ ਰਾਹੁਲ ਨੇ ਟਵੀਟ ਕੀਤਾ ਕਿ ਭਾਜਪਾ ਦੇ ਸ਼ਾਸਨ ’ਚ ਆਕਸੀਜਨ ਅਤੇ ਮਨੁੱਖਤਾ ਦੋਹਾਂ ਦੀ ਭਾਰੀ ਕਮੀ ਹੈ। ਇਸ ਖ਼ਤਰਨਾਕ ਅਪਰਾਧ ਦੇ ਜ਼ਿੰਮੇਵਾਰ ਸਾਰੇ ਲੋਕਾਂ ਖ਼ਿਲਾਫ਼ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਦੁੱਖ਼ ਦੀ ਇਸ ਘੜੀ ਵਿਚ ਮਿ੍ਰਤਕਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਮੇਰੀ ਹਮਦਰਦੀ।
ਓਧਰ ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਵੀ ਇਸ ਖ਼ਬਰ ਦੇ ਸੰਦਰਭ ਵਿਚ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਮੈਂ ਆਕਸੀਜਨ ਦੀ ਕਮੀ ਨਹੀਂ ਹੋਣ ਦਿੱਤੀ। ਮੁੱਖ ਮੰਤਰੀ ਕਹਿੰਦੇ ਹਨ ਕਿ ਆਕਸੀਜਨ ਦੀ ਕੋਈ ਕਮੀ ਨਹੀਂ ਅਤੇ ਕਮੀ ਦੀ ਅਫ਼ਵਾਹ ਫੈਲਾਉਣ ਵਾਲਿਆਂ ਦੀ ਜਾਇਦਾਦ ਜ਼ਬਤ ਹੋਵੇਗੀ। ਮੰਤਰੀ ਕਹਿੰਦੇ ਹਨ ਕਿ ਮਰੀਜ਼ਾਂ ਨੂੰ ਜ਼ਰੂਰਤ ਭਰ ਆਕਸੀਜਨ ਦਿਓ, ਜ਼ਿਆਦਾ ਨਾ ਦਿਓ। ਜਦਕਿ ਆਗਰਾ ਹਸਪਤਾਲ ’ਚ ਆਕਸੀਜਨ ਖ਼ਤਮ ਸੀ। 22 ਮਰੀਜ਼ਾਂ ਦੀ ਆਕਸੀਜਨ ਬੰਦ ਕਰ ਕੇ ਮੌਕ ਡਰਿਲ ਕੀਤੀ ਗਈ। ਉਨ੍ਹਾਂ ਨੇ ਸਵਾਲ ਕੀਤਾ ਕਿ ਆਖ਼ਰਕਾਰ ਇਸ ਲਈ ਜ਼ਿੰਮੇਵਾਰ ਕੌਣ ਹੈ?